ਜਲੰਧਰ, 11 ਮਈ (ਪਵਨ ਖਰਬੰਦਾ)-ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਲ ਇੰਡੀਆ ਮਹਿਲਾ ਕਾਂਗਰਸ ਨੇ ਪੰਜਾਬ ਰਾਜ ਮਹਿਲਾ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਦਾ ਪੁਨਰਗਠਨ ਕਰਦੇ ਹੋਏ ਇੱਕ ਸੂਬਾ ਕਾਰਜਕਾਰਨੀ ਅਤੇ ਸਲਾਹਕਾਰ ਕਮੇਟੀ ਦੀ ਸਥਾਪਨਾ ਕੀਤੀ ਹੈ | ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਪੰਜਾਬ ਦੀਆਂ ਸਾਰੀਆਂ ਮਹਿਲਾ ਅਹੁਦੇਦਾਰਾਂ ਨੂੰ ਨਵੀਂ ਕਾਰਜਕਾਰਨੀ ਕਮੇਟੀ ਦੇ ਗਠਨ 'ਤੇ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਦੀਆਂ ਸਰਗਰਮ ਅਤੇ ਜ਼ਮੀਨੀ ਪੱਧਰ ਦੀਆਂ ਮਹਿਲਾ ਅਹੁਦੇਦਾਰਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ, ਤਾਂ ਜੋ ਮਹਿਲਾ ਕਾਂਗਰਸ ਵਿੱਚ ਨਵੀਂ ਊਰਜਾ ਭਰੀ ਜਾ ਸਕੇ | ਇਸ ਦੌਰਾਨ ਉਨ੍ਹਾਂ ਨੇ ਜਲੰਧਰ ਤੋਂ ਡਾ. ਜਸਲੀਨ ਸੇਠੀ ਨੂੰ ਸਲਾਹਕਾਰ ਕਮੇਟੀ ਵਿੱਚ ਅਹੁਦਾ ਦਿੱਤਾ | ਦੱਸਣਯੋਗ ਹੈ ਕਿ ਪੰਜ ਮੈਂਬਰੀ ਸਲਾਹਕਾਰ ਕਮੇਟੀ ਵਿੱਚ ਮੁੱਖ ਤੌਰ 'ਤੇ ਸਾਬਕਾ ਮਹਿਲਾ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ | ਖਾਸ ਤੌਰ 'ਤੇ ਜਲੰਧਰ ਤੋਂ ਮੌਜੂਦਾ ਕੌਂਸਲਰ ਡਾ. ਜਸਲੀਨ ਕੌਰ ਸੇਠੀ, ਜਿਨ੍ਹਾਂ ਨੇ 10 ਸਾਲਾਂ ਤੋਂ ਵੱਧ ਸਮੇਂ ਤੱਕ ਜ਼ਿਲ੍ਹਾ ਮਹਿਲਾ ਆਗੂ ਵਜੋਂ ਸੇਵਾ ਨਿਭਾਈ ਨੂੰ ਸ਼ਾਮਲ ਕੀਤਾ ਗਿਆ ਹੈ | ਇਸ ਦੌਰਾਨ ਡਾ. ਜਸਲੀਨ ਕੌਰ ਸੇਠੀ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਕਾਂਗਰਸ ਪਾਰਟੀ ਦੀ ਹੋਰ ਮਜਬੂਰੀ ਲਈ ਆਪਣੀ ਟੀਮ ਨੂੰ ਨਾਲ ਲੈ ਕੇ ਕੰਮ ਕਰਦੇ ਰਹਿਣਗੇ |