ਜਲੰਧਰ, 15 ਮਈ (ਸ਼ਿਵ)- ਸੋਨੇ ਤੇ ਚਾਂਦੀ ਦੇ ਉੱਪਰ ਦਰਾਮਦ ਡਿਊਟੀ 6 ਫ਼ੀਸਦੀ ਤੋਂ ਵਧ ਕੇ 15 ਫ਼ੀਸਦੀ ਤੱਕ ਹੋ ਜਾਣ ਕਾਰਨ ਸੋਨੇ, ਚਾਂਦੀ ਦੀ ਕੀਮਤ ਵਿਚ ਹੋਰ ਵਾਧਾ ਹੋ ਗਿਆ ਹੈ | ਸੋਨੇ ਵਿਚ ਪ੍ਰਤੀ ਗਰਾਮ ਹੀ 8000 ਰੁਪਏ ਦਾ ਵਾਧਾ ਹੋਇਆ ਹੈ ਜਦਕਿ ਬਿੱਲ ਦੇ ਨਾਲ ਇਸ ਦੀ ਕੀਮਤ 9500 ਤੋਂ ਲੈ ਕੇ 10 ਹਜ਼ਾਰ ਰੁਪਏ ਪ੍ਰਤੀ ਗਰਾਮ ਤੱਕ ਪੁੱਜ ਜਾਵੇਗੀ | ਪਿਛਲੇ 8 ਮਹੀਨੇ ਤੋਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਕੁੱਝ ਮਹੀਨੇ ਪਹਿਲਾਂ ਜਦੋਂ ਚਾਂਦੀ ਮਹਿੰਗੀ ਹੋਈ ਸੀ ਤਾਂ ਉਸ ਵੇਲੇ ਕਿਹਾ ਗਿਆ ਸੀ ਕਿ ਚਾਂਦੀ ਇਸ ਕਰਕੇ ਮਹਿੰਗੀ ਹੋ ਰਹੀ ਹੈ ਕਿ ਇਸ ਦੀ ਵਰਤੋਂ ਇਲੈਕਟਿ੍ਕ ਵਾਹਨਾਂ ਵਿਚ ਹੋ ਰਹੀ ਹੈ ਸਗੋਂ ਚੀਨ ਨੇ ਇਸ ਦੀ ਜ਼ਿਆਦਾ ਖ਼ਰੀਦ ਕਰਨੀ ਸ਼ੁਰੂ ਕਰ ਦਿੱਤੀ ਹੈ | 8 ਮਹੀਨੇ ਪਹਿਲਾਂ ਸੋਨੇ ਦੀ ਕੀਮਤ 75000 ਰੁਪਏ ਗਰਾਮ ਸੀ ਤੇ ਅੱਜ ਇਹ ਵਧ ਕੇ 15000 ਰੁਪਏ ਗਰਾਮ ਦੇ ਕਰੀਬ ਹੋ ਗਈ ਹੈ | ਇਸੇ ਤਰਾਂ ਨਾਲ ਚਾਂਦੀ ਦੀ ਕੀਮਤ 8 ਮਹੀਨੇ ਪਹਿਲਾਂ 1 ਲੱਖ ਰੁਪਏ ਕਿੱਲੋ ਸੀ ਜਿਹੜੀ ਕਿ ਹੁਣ 2.75 ਲੱਖ ਰੁਪਏ ਦੇ ਕਰੀਬ ਪੁੱਜ ਗਈ ਹੈ | ਉੱਧਰ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਸਵਰਨਕਾਰਾਂ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਗਿਣਤੀ ਕਾਫ਼ੀ ਘੱਟ ਹੋ ਗਈ ਹੈ | ਦੀ ਜਲੰਧਰ ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਰੇਸ਼ ਮਲਹੋਤਰਾ ਨੇ ਦੱਸਿਆ ਕਿ ਸੋਨਾ ਹੋਰ ਮਹਿੰਗਾ ਹੋਣ ਨਾਲ ਹੀ ਮੰਦਾ ਨਹੀਂ ਆਵੇਗਾ ਜਾਂ ਫਿਰ ਪ੍ਰਧਾਨ ਮੰਤਰੀ ਦੇ ਸੱਦੇ ਕਰਕੇ ਇਸ ਦਾ ਜ਼ਿਆਦਾ ਅਸਰ ਹੈ ਸਗੋਂ ਸਵਰਨਕਾਰਾਂ ਦੇ ਕੰਮ ਵਿਚ ਪਹਿਲਾਂ ਹੀ ਕਾਫ਼ੀ ਮੰਦਾ ਚੱਲ ਰਿਹਾ ਹੈ ਕਿਉਂਕਿ ਕਾਫ਼ੀ ਲੋਕਾਂ ਵਲੋਂ ਸੋਨੇ ਵਿਚ ਪਹਿਲਾਂ ਹੀ ਕਾਫ਼ੀ ਨਿਵੇਸ਼ ਕੀਤਾ ਹੋਇਆ ਹੈ ਤੇ ਹੁਣ ਆਮ ਲੋਕ ਕਿੰਨਾ ਕੇ ਸੋਨੇ ਦੀ ਖ਼ਰੀਦ ਕਰ ਸਕਦੇ ਹਨ | ਨਰੇਸ਼ ਮਲਹੋਤਰਾ ਦਾ ਕਹਿਣਾ ਸੀ ਕਿ ਉਂਜ ਵੀ ਹੁਣ ਹਾਲਾਤਾਂ ਕਰਕੇ ਲੋਕਾਂ ਵਲੋਂ ਜ਼ਿਆਦਾ ਗਹਿਣੇ ਪਾਉਣ ਵਿਚ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ | ਦੂਜੇ ਪਾਸੇ 8 ਮਹੀਨੇ ਪਹਿਲਾਂ ਜਦੋਂ ਸੋਨੇ ਦੀਆਂ ਕੀਮਤਾਂ ਅਸਮਾਨੇ ਚੜ ਰਹੀਆਂ ਸੀ ਜਾਂ ਫਿਰ ਹਾਲਾਤਾਂ ਕਰਕੇ ਲੋਕਾਂ ਵਿਚ ਲੋਕਾਂ ਵਿਚ ਕਾਫ਼ੀ ਡਰ ਪਾਇਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਪੰਜਾਬ ਭਰ ਬਣਾਉਟੀ ਗਹਿਣਿਆਂ ਦੀ ਵਿੱਕਰੀ ਕਾਫ਼ੀ ਵਧ ਚੁੱਕੀ ਹੈ | ਇਕ ਸਵਰਨਕਾਰ ਦਾ ਕਹਿਣਾ ਸੀ ਕਿ ਬਣਾਉਟੀ ਗਹਿਣੇ ਵੀ ਅਸਲੀ ਸੋਨੇ ਵਾਂਗ ਲੱਗਦੇ ਹਨ ਤਾਂ ਇਸ ਦੀ ਪਛਾਣ ਲੋਕਾਂ ਵਲੋਂ ਨਹੀਂ ਕੀਤੀ ਜਾ ਸਕਦੀ ਹੈ ਕਿ ਕਿਸ ਦੇ ਬਣੇ ਗਹਿਣੇ ਪਾਏ ਹੋਏ ਹਨ | ਸੋਨੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਰਕੇ ਅਤੇ ਮੌਜੂਦਾ ਹਾਲਾਤਾਂ ਕਰਕੇ ਹੁਣ ਬਣਾਉਟੀ ਗਹਿਣਿਆਂ ਦੀ ਵਿੱਕਰੀ ਕਈ ਗੁਣਾ ਵਧ ਗਈ ਹੈ |