ਚੁਗਿੱਟੀ/ ਜੰਡੂ ਸਿੰਘਾ, 15 ਮਈ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ 'ਚ ਸੁਸ਼ੋਭਿਤ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਪ੍ਰਬੰਧਕਾਂ ਵੱਲੋਂ ਸ਼ੁੱਕਰਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਬੰਧੀ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਹਾਜ਼ਰੀਨ ਵੱਲੋਂ ਗੁਰਬਾਣੀ ਦਾ ਜਾਪ ਸੰਗਤੀ ਰੂਪ ਵਿੱਚ ਕੀਤਾ ਗਿਆ | ਉਸ ਉਪਰੰਤ ਰਾਗੀ ਭਾਈ ਤਜਿੰਦਰ ਸਿੰਘ ਤੇ ਵੀਰ ਸਿੰਘ ਵੀਰ ਦੇ ਜਥੇ ਵੱਲੋਂ ਗੁਰ ਇਤਿਹਾਸ ਸੁਣਾਉਂਦਿਆਂ ਗੁਰਬਾਣੀ ਦਾ ਮਨਮੋਹਕ ਗਾਇਨ ਕਰਕੇ ਹਾਜ਼ਰੀਨ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਕਤ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜੋਗਾ ਸਿੰਘ ਨੇ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਨਾਲ ਭਗਤੀ ਮਾਰਗ 'ਤੇ ਲਾਭ ਮਿਲਦਾ ਹੈ | ਇਸ ਕਰਕੇ ਸਭਨਾਂ ਨੂੰ ਗੁਰੂ ਸਾਹਿਬ ਸਹਿਬਾਨਾਂ ਵਲੋਂ ਦਿੱਤੀਆਂ ਗਈਆਂ ਸਿਖਿਆਵਾਂ 'ਤੇ ਅਮਲ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਆਖਿਆ ਕਿ ਨਿਤਨੇਮੀ ਬਣਨ ਵੱਲ ਤਵਜੋਂ ਵਧਾਉਣੀ ਚਾਹੀਦੀ ਹੈ | ਉਨ੍ਹਾਂ ਤੋਂ ਇਲਾਵਾ ਵੱਖ -ਵੱਖ ਹੋਰ ਬੁਲਾਰਿਆਂ ਵਲੋਂ ਸੰਗਤਾਂ ਨੂੰ ਬੂਰੇ ਕੰਮਾਂ ਤੋਂ ਬਚਣ ਦੀ ਤਾਕੀਦ ਕੀਤੀ ਗਈ | ਸਮਾਪਤੀ 'ਤੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ | ਇਸ ਮੌਕੇ ਹੋਰ ਕਮੇਟੀ ਮੈਂਬਰ ਤੇ ਆਸਪਾਸ ਦੇ ਖੇਤਰ ਤੋਂ ਸੰਗਤਾਂ ਹਾਜ਼ਰ ਸਨ |