ਜਲੰਧਰ, 25 ਮਈ (ਸ਼ਿਵ)- ਨੈਸ਼ਨਲ ਗਰੀਨ ਟਿ੍ਬਿਊਨਲ (ਐਨ.ਜੀ.ਟੀ.) ਵਲੋਂ ਕਿਸੇ ਤਰਾਂ ਦੇ ਕੂੜੇ ਨੂੰ ਅੱਗ ਲੱਗਣ ਤੋਂ ਸਖ਼ਤ ਮਨਾਹੀ ਕੀਤੀ ਗਈ ਹੈ ਤਾਂ ਜੋ ਕਿਸੇ ਤਰਾਂ ਨਾਲ ਵਾਤਾਵਰਨ ਖ਼ਰਾਬ ਨਾ ਹੋਵੇ ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਕਈ ਥਾਵਾਂ 'ਤੇ ਕੂੜੇ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪਲੀਤ ਕੀਤਾ ਜਾ ਰਿਹਾ ਹੈ | ਨਗਰ ਨਿਗਮ ਵਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਅੱਜ ਟਾਂਡਾ ਰੋਡ ਫਾਟਕ ਦੇ ਕੋਲ ਅਤੇ ਭਠੂਰੇ ਕੁਲਚਿਆਂ ਵਾਲੇ ਦੇ ਸਾਹਮਣੇ ਕੂੜੇ ਨੂੰ ਅੱਗ ਲੱਗਣ ਤੋਂ ਬਾਅਦ ਜਦੋਂ ਜ਼ਹਿਰੀਲਾ ਧੂੰਆਂ ਆਸਪਾਸ ਫੈਲਣ ਲੱਗਾ ਤਾਂ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ | ਇਸ ਫਾਟਕ ਤੋਂ ਵੱਡੀ ਗਿਣਤੀ ਵਿਚ ਲੋਕ ਲੰਘਦੇ ਹਨ | ਜਦੋਂ ਕੂੜੇ ਨੂੰ ਅੱਗ ਲਗਾਈ ਸੀ ਤਾਂ ਇਹ ਕਾਫੀ ਫੈਲ ਗਈ ਸੀ ਤੇ ਇਸ ਦੇ ਨਾਲ ਲੋਹੇ ਦਾ ਸਮਾਨ ਬਣਾਉਣ ਵਾਲੇ ਯੂਨਿਟ ਵੀ ਸਨ | ਲੋਕਾਂ ਦਾ ਕਹਿਣਾ ਸੀ ਕਿ ਜਿਹੜੇ ਲੋਕ ਇਸ ਤਰਾਂ ਨਾਲ ਕੂੜੇ ਨੂੰ ਅੱਗ ਲਗਾਉਂਦੇ ਹਨ ਉਨਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਵੱਡਾ ਹਾਦਸਾ ਹੋਣ ਦੀ ਸ਼ੰਕਾ ਹੁੰਦੀ ਹੈ ਸਗੋਂ ਵਾਤਾਵਰਨ ਪਲੀਤ ਹੋ ਰਿਹਾ ਹੈ | ਇਸ ਤਰਾਂ ਨਾਲ ਕਈ ਬਾਰ ਇਕਹਿਰੀ ਪੁਲੀ ਦੇ ਕੋਲ ਸੁੱਟੇ ਗਏ ਕੂੜੇ ਨੂੰ ਵੀ ਅੱਗ ਲਗਾਉਣ ਦੇ ਕਈ ਬਾਰ ਮਾਮਲੇ ਸਾਹਮਣੇ ਆਉਂਦੇ ਰਹੇ ਹਨ | ਪੁਲ ਦੇ ਕੋਲ ਕਈ ਬਾਰ ਲੋਕ ਕੂੜਾ ਸੁੱਟਦੇ ਹਨ ਪਰ ਉਨਾਂ ਨੂੰ ਕੂੜਾ ਸੁੱਟਣ ਤੋਂ ਰੋਕਿਆ ਨਹੀਂ ਜਾ ਰਿਹਾ ਹੈ |