11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਤਪਦੀ ਧੁੱਪ ਵੀ ਨਹੀਂ ਰੋਕ ਸਕੀ ਵੋਟਰਾਂ ਦਾ ਉਤਸ਼ਾਹ, 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤ ਚੋਣਾਂ ਲਈ ਹੋਈ 65.58 ਫ਼ੀਸਦੀ ਪੋਲਿੰਗ

Ad Position 21
No active advertisement
ਅਜੀਤ ਡੈਸਕ 27-05-2026
ਜਲੰਧਰ, 26 ਮਈ (ਜਤਿੰਦਰ ਪੰਮੀ)-ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਲਈ ਵੋਟਾਂ ਪਾਉਣ ਦਾ ਅਮਲ ਮੰਗਲਵਾਲ ਨੂੰ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਸਵੇਰੇ 8 ਵਜੋ ਤੋਂ 5 ਸ਼ਾਮਿਲ ਵਜੇ ਤਕ ਹੋਏ ਪੋਲਿੰਗ ਦੌਰਾਨ 1,08,067 ਵੋਟਰਾਂ 'ਚੋਂ 65.58 ਫੀਸਦੀ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ | ਇਸ ਵਿਚ ਨਗਰ ਕੌਂਸਲ ਆਦਮਪੁਰ ਲਈ 64.59 ਫੀਸਦੀ, ਕਰਤਾਰਪੁਰ 65.02 ਫੀਸਦੀ, ਨੂਰਮਹਿਲ 69.58 ਫੀਸਦੀ ਅਤੇ ਨਗਰ ਕੌਂਸਲ ਫਿਲੌਰ ਲਈ 61.22 ਫੀਸਦੀ ਵੋਟਿੰਗ ਹੋਈ | ਇਸੇ ਤਰ੍ਹਾਂ ਨਗਰ ਪੰਚਾਇਤ ਮਹਿਤਪੁਰ ਲਈ 68.97 ਫੀਸਦੀ ਤੇ ਲੋਹੀਆਂ ਖਾਸ ਲਈ 71.72 ਫੀਸਦੀ ਵੋਟਿੰਗ ਹੋਈ | ਲੋਕਾਂ 'ਚ ਵੋਟਾਂ ਪਾਉਣ ਲਈ ਪੂਰਾ ਉਤਸ਼ਾਹ ਦੇਖਿਆ ਗਿਆ ਅਤੇ ਤਪਦੀ ਧੁੱਪ ਵੀ ਉਨ੍ਹਾਂ ਦਾ ਇਹ ਉਤਸ਼ਾਹ ਨਾ ਰੋਕ ਸਕੀ | ਲੋਕ ਸਵੇਰੇ ਹੀ ਘਰਾਂ ਤੋਂ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ 'ਤੇ ਪੁੱਜਣੇ ਸ਼ੁਰੂ ਹੋ ਗਏ ਅਤੇ ਕਤਾਰ 'ਚ ਲੱਗ ਕੇ ਆਪਣੀ ਵਾਰੀ ਆਉਣ 'ਤੇ ਵੋਟ ਦਾ ਇਸਤੇਮਾਲ ਕੀਤਾ | ਸ਼ਾਮ 5 ਵਜੇ ਤਕ ਹੋਈ ਪੋਲਿੰਗ ਤੋਂ ਬਾਅਦ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਲੈ ਕੇ ਆਪੋ-ਆਪਣੇ ਸਟਰਾਂਗ ਰੂਮਾਂ 'ਚ ਪੁੱਜੀਆਂ ਅਤੇ ਦੇਰ ਸ਼ਾਮ ਸ਼ਾਮ ਤਕ ਬੈਲਟ ਪੇਟੀਆਂ ਜਮ੍ਹਾਂ ਕਰਵਾਉਣ ਲਈ ਕਾਰਵਾਈ ਚੱਲਦੀ ਰਹੀ | ਦੱਸਣਯੋਗ ਹੈ ਕਿ ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਤੇ ਆਜ਼ਾਦ ਤੌਰ 'ਤੇ 341 ਉਮੀਦਵਾਰ ਚੋਣਾਂ ਲੜ ਰਹੇ ਹਨ | ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਲਈ 44, ਨਗਰ ਕੌਂਸਲ ਕਰਤਾਰਪੁਰ ਦੇ 15 ਵਾਰਡਾਂ ਲਈ 50, ਨਕੋਦਰ ਦੇ 17 ਵਾਰਡਾਂ ਲਈ 55, ਨੂਰਮਹਿਲ ਦੇ 13 ਵਾਰਡਾਂ ਲਈ 41, ਫਿਲੌਰ ਦੇ 15 ਵਾਰਡਾਂ ਲਈ 57, ਨਗਰ ਪੰਚਾਇਤ ਮਹਿਤਪੁਰ ਤੇ ਲੋਹੀਆਂ ਖਾਸ ਦੇ 13-13 ਵਾਰਡਾਂ ਲਈ 47-47 ਉਮੀਦਵਾਰਾਂ ਲਈ ਅੱਜ ਵੋਟਾਂ ਪਈਆਂ ਹਨ |
ਡੀ.ਸੀ. ਨੇ ਅਮਨ-ਸ਼ਾਂਤੀ ਵੋਟਾਂ ਪਾਉਣ ਲਈ ਜ਼ਿਲ੍ਹਾ ਵਾਸੀਆਂ ਦਾ ਕੀਤਾ ਧੰਨਵਾਦ
ਡਿਪਟੀ ਕਮਿਸਨਰ-ਕਮ-ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਕੁੱਲ 65.58 ਫੀਸਦੀ ਪੋਲਿੰਗ ਹੋਈ ਹੈ | ਉਨ੍ਹਾਂ ਨੇ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ 99 ਵਾਰਡਾਂ 'ਚ ਵੋਟਿੰਗ ਲਈ ਕੁੱਲ 133 ਪੋਲਿੰਗ ਬੂਥ ਬਣਾਏ ਗਏ ਸਨ | ਵੋਟ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਜਿੱਥੇ ਰਿਜ਼ਰਵ ਸਟਾਫ ਸਮੇਤ 800 ਚੋਣ ਅਮਲਾ ਤਾਇਨਾਤ ਕੀਤਾ ਗਿਆ ਸੀ, ਉੱਥੇ ਕਰੀਬ ਐਸਐਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਵਲੋਂ 1200 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਸਨ | ਉਨ੍ਹਾਂ ਦੱਸਿਆ ਕਿ ਬੈਲਟ ਪੇਟੀਆਂ ਸਟਰਾਂਗ ਰੂਮਾਂ 'ਚ ਰਖਵਾ ਦਿੱਤੀਆਂ ਗਈਆਂ ਹਨ, ਜਿੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ |
ਲੋਹੀਆਂ 'ਚ 71.72 ਫੀਸਦੀ ਵੋਟਾਂ ਨਾਲ ਸ਼ਾਂਤੀਪੂਰਵਕ ਰਿਹਾ ਚੋਣ ਅਮਲ : ਰਿਟਰਨਿੰਗ ਅਫ਼ਸਰ ਗੁਪਤਾ
ਲੋਹੀਆਂ ਖਾਸ, (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨਗਰ ਪੰਚਾਇਤ ਲੋਹੀਆਂ ਲਈ ਹੋਈਆਂ ਆਮ ਚੋਣਾਂ ਜਿਸ ਵਿੱਚ ਕੁੱਲ 47 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ ਦੇ 3983 ਮਰਦ, 4098 ਔਰਤਾਂ ਸਮੇਤ ਕੁਲ 8081 ਵੋਟਰਾਂ ਵਿੱਚੋਂ 2797 ਮਰਦਾਂ, 2999 ਔਰਤਾਂ ਸਮੇਤ ਕੁੱਲ 5796 ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ 71.72 ਫੀਸਦੀ ਸ਼ਾਂਤਮਈ ਪੋਿਲੰਗ ਵਿੱਚ ਹਿੱਸਾ ਪਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸ਼੍ਰੀ ਅਦਿੱਤਿਆ ਗੁਪਤਾ ਐੱਸ.ਡੀ. ਐੱਮ. ਸ਼ਾਹਕੋਟ ਨੇ ਦੱਸਿਆ ਕਿ ਵਾਰਡ ਨੰ: 1 'ਚ 566 ਵੋਟਾਂ ਚੋਂ 73.14 ਫੀਸਦੀ, ਵਾਰਡ ਨੰ: 2 'ਚ 619 ਵੋਟਾਂ ਚੋਂ 75.61 ਫੀਸਦੀ, ਵਾਰਡ ਨੰ: 3 'ਚ 470 ਵੋਟਾਂ ਚੋਂ 78.09 ਫੀਸਦੀ, ਵਾਰਡ ਨੰ: 4 'ਚ 643 ਵੋਟਾਂ ਚੋਂ
79.00 ਫੀਸਦੀ, ਵਾਰਡ ਨੰ: 5 'ਚ 741 ਵੋਟਾਂ ਚੋਂ 66.13 ਫੀਸਦੀ, ਵਾਰਡ ਨੰ: 6 'ਚ 690 ਵੋਟਾਂ ਚੋਂ 68.55 ਫੀਸਦੀ, ਵਾਰਡ ਨੰ: 7 'ਚ 761 ਵੋਟਾਂ ਚੋਂ 68.73 ਫੀਸਦੀ, ਵਾਰਡ ਨੰ: 8 'ਚ 724 ਵੋਟਾਂ ਚੋਂ 72.38 ਫੀਸਦੀ, ਵਾਰਡ ਨੰ: 9 'ਚ 643 ਵੋਟਾਂ ਚੋਂ 64.07 ਫੀਸਦੀ, ਵਾਰਡ ਨੰ: 10 'ਚ 530 ਵੋਟਾਂ ਚੋਂ 74.91 ਫੀਸਦੀ, ਵਾਰਡ ਨੰ: 11 'ਚ 738 ਵੋਟਾਂ ਚੋਂ 61.92 ਫੀਸਦੀ, ਵਾਰਡ ਨੰ: 12 'ਚ 380 ਵੋਟਾਂ ਚੋਂ 81.32 ਫੀਸਦੀ, ਵਾਰਡ ਨੰ: 13 'ਚ 576 ਵੋਟਾਂ ਚੋਂ 78.82 ਫੀਸਦੀ ਵੋਟਾਂ ਨਾਲ ਪੋਿਲੰਗ ਅਮਨ ਅਮਾਨ ਨਾਲ ਹੋਈ ਹੈ | ਇਨ੍ਹਾਂ ਚੋਣਾਂ 'ਚ ਵਾਰਡ ਨੰ: 12 ਅਜਿਹਾ ਵਾਰਡ ਸੀ ਜਿਥੇ ਸਭ ਤੋਂ ਘੱਟ ਵੋਟਾਂ 380 ਸਨ ਅਤੇ ਇਸ ਵਾਰਡ ਨੇ ਰਿਕਾਰਡ 81.32 ਫੀਸਦੀ ਵੋਟਾਂ ਪੋਲ ਕੀਤੀਆਂ ਹਨ, ਜਿਨ੍ਹਾਂ 'ਚ 154 ਮਰਦਾਂ ਨੇ ਅਤੇ 155 ਔਰਤਾਂ ਨੇ (1 ਵੋਟ ਵੱਧ) ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਜਿਆਦਾਤਰ ਐੱਸ.ਸੀ. ਸਮਾਜ ਦੀ ਵੋਟ ਵਾਲੇ ਇਸ ਵਾਰਡ ਦੀ ਸੀਟ ਭਾਵੇਂ ਜਨਰਲ ਸੀ ਪਰ ਇਥੇ 2 ਐੱਸ.ਸੀ. ਭਾਈਚਾਰੇ ਅਤੇ 1 ਬੀ.ਸੀ. ਭਾਈਚਾਰੇ ਉਮੀਦਵਾਰਾਂ ਨੇ ਚੋਣ ਲੜੀ ਹੈ, ਜਿਸ ਕਾਰਨ ਬੰਪਰ ਪੋਲਿੰਗ ਦਾ ਅਨੁਮਾਨ ਲਗਾਇਆ ਜਾਂਦਾ ਹੈ | ਇਸੇ ਤਰ੍ਹਾਂ ਗੁਆਂਢੀ ਵਾਰਡ ਨੰ: 11 'ਚ 738 ਵੋਟਰ ਸਨ ਜਿਥੇ ਸਭ ਤੋਂ ਘੱਟ ਪੋਿਲੰਗ 61.92 ਫੀਸਦੀ ਹੋਈ ਹੈ, ਇਥੇ ਮਰਦਾਂ ਨੇ 230 ਤੇ ਔਰਤਾਂ ਨੇ 227 ਵੋਟਾਂ ਪਾਕੇ ਆਪਣਾ ਫਰਜ਼ ਨਿਭਾਇਆ ਹੈ | ਇਸ ਮੌਕੇ ਸ਼ਾਹਕੋਟ ਦੇ ਡੀ.ਐੱਸ.ਪੀ. ਸਰਵਣ ਸਿੰਘ ਬੱਲ ਨੇ ਕਿਹਾ ਕਿ ਲੋਹੀਆਂ ਦੇ ਥਾਣਾ ਮੁੱਖੀ ਸੁਖਜਿੰਦਰ ਸਿੰਘ ਖੈਹਿਰਾ ਸਮੇਤ ਸਮੁੱਚੀ ਪੁਲਿਸ ਫੋਰਸ ਅਤੇ ਸ਼ਹਿਰ ਦੇ ਵੋਟਰ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਸ਼ਾਂਤਮਈ ਰਹਿਦੇ ਹੋਏ ਚੋਣ ਅਮਲ ਨੇਪਰੇ ਚਾੜਿਆ |
2026 ਦੀਆਂ ਕੌਂਸਲ ਚੋਣਾਂ 'ਚ ਕਰਤਾਰਪੁਰ 'ਚ ਹੋਈ 65 ਫ਼ੀਸਦੀ ਚੋਣ ਨਵੇਂ ਵੋਟਰਾਂ ਦਿੱਤੀ ਉਮੀਦਵਾਰਾਂ ਨੂੰ ਨਸੀਅਤ
ਕਰਤਾਰਪੁਰ, (ਜਨਕ ਰਾਜ ਗਿੱਲ) -2026 ਦੀਆਂ ਨਗਰ ਕੌਂਸਲ ਚੋਣਾਂ ਦੇ ਚਲਦਿਆਂ ਸ਼ਹਿਰ ਕਰਤਾਰਪੁਰ ਤੋਂ ਨਗਰ ਕੌਂਸਲਰਾਂ ਦੇ ਅਹੁੱਦੇ ਦੀ ਚੋਣ ਲੜ ਰਹੇ ਕਾਂਗਰਸ,ਆਪ,ਭਾਜਪਾ, ਆਜ਼ਾਦ ਤੌਰ ਤੇ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਮੁਕੰਮਲ ਤੌਰ ਤੇ ਆਜ਼ਾਦ ਚੋਣਾਂ ਮੈਦਾਨ 'ਚ ਨਿੱਤਰੇ 33 ਦੇ ਕਰੀਬ ਉਮੀਦਵਾਰਾਂ ਦੇ ਹੱਕ 'ਚ ਕਰਤਾਰਪੁਰ ਸ਼ਹਿਰ ਦੇ ਕਰੀਬ 19736 ਵੋਟਰਾਂ ਵਿਚੋਂ 12782 ਵੋਟਰਾਂ ਨੇ ਸ਼ਹਿਰ ਦੀਆਂ ਕਰੀਬ 15 ਵਾਰਡਾਂ ਦੇ ਵੋਟਰਾਂ ਵਲੋਂ ਸ਼ਹਿਰ ਦੇ ਅੰਦਰੂਣੀ ਖੇਤਰਾਂ ਨਾਲ ਕੌਮੀ ਰਾਜ ਮਾਰਗ ਅਤੇ ਇੱਥੋਂ ਦੇ ਸਰਕਾਰੀ ਗੈਰ ਸਰਕਾਰੀ ਸਕੂਲਾਂ 'ਚ ਚੋਣ ਕਮੀਸ਼ਨ ਵਲੋਂ ਐਲਾਨੇ ਗਏ ਚੋਣ ਬੂਥਾਂ ਤੇ ਪਹੁੰਚ ਕੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਵੋਟਿੰਗ ਕੀਤੀ ਗਈ ਅਤੇ ਵੈਲਟ ਪੇਪਰ ਤੇ ਆਪੋ ਆਪਣੇ ਪਸੰਦੀਦਾ ਚੋਣ ਨਿਸ਼ਾਨ ਦੀ ਚੋਣ ਕਰਦੇ ਹੋਏ 65 ਫੀਸਦੀ ਵੋਟਿੰਗ ਨਾਲ ਉਮੀਦਵਾਰਾਂ ਦਾ ਸਿਆਸੀ ਭਵਿੱਖ ਪੇਟੀਆਂ 'ਚ ਬੰਦ ਕਰਦੇ ਹੋਏ ਅਮਨ ਅਮਾਨ ਨਾਲ ਚੋਣ ਪਰਕਿ੍ਆ ਨੇਪੜੇ ਚਾੜ੍ਹ ਗਈ |ਇਸ ਮੌਕੇ ਤੇ ਨਵੇਂ ਵੋਟਰਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਰਾਹੁਲ, ਮੰਨਤ, ਦੀਪਿਕਾ, ਸੁਨੈਣਾ, ਜੰਨਤ, ਰਾਜਵੀਰ, ਯੁਵਰਾਜ, ਲਖਵਿੰਦਰ, ਪੂਨਮ, ਪੂਜਾ ਧਾਰੀਵਾਲ, ਸੰਤੋਖ ਸਿੰਘ, ਸੰਗੀਤਾ ਆਦਿ ਤੋਂ ਇਲਾਵਾ ਬਾਕੀਆਂ ਨੇ ਆਖਿਆ ਕਿ 'ਉਨਾਂ ਨੂੰ ਬੁਹੱਦ ਖੁਸ਼ੀ ਹੈ ਦੇਸ਼ ਵਲੋਂ ਦਿੱਤੇ ਗਏ ਸਰਵਉੱਚ ਅਧਿਕਾਰ ਵੋਟ ਰਾਹੀ ਜਿਵੇਂ ਤਪਦੀ ਧੁੱਪ 'ਚ ਲੰਮੀਆਂ ਕਤਾਰਾਂ 'ਚ ਖੜ ਕੇ ਸ਼ਹਿਰ ਦੇ ਵਿਕਾਸ ਅਤੇ ਸਾਫ ਸੁਥਰੇ ਸਮਾਜ ਲਈ ਵੋਟਿੰਗ ਕੀਤੀ ਹੈ ਉਥੇ ਉਮੀਦਵਾਰ ਵੀ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰਦੇ ਹੋਏ ਸ਼ਹਿਰ ਦੀ ਬਿਹਤਰੀ ਲਈ ਵਿਕਾਸ ਕਾਰਜ਼ਾਂ ਦੇ ਨਾਲ ਸ਼ਹਿਰ ਨੂੰ ਜੁਰਮ ਮੁਕਤ ਕਰਨ ਦੀ ਪਹਿਲ ਕਰਮੀ ਕਰਨ 'ਚ ਮੁਹਰੀ ਭੂਮਿਕਾ ਨਿਭਾਉਂਣ ਤੇ ਪਿਛਲੇ ਸਮੇਂ ਅੰਦਰ ਲਗਤਾਰ ਖਰਾਬ ਹੋਈ ਇਤਿਹਾਸਕ ਸ਼ਹਿਰ ਕਰਤਾਰਪੁਰ ਦੀ ਹੌਂਦ ਨੂੰ ਪਹਿਲਾਂ ਵਾਂਗ ਕਾਇਮ ਕਰ ਦੇਣ ਦੀ ਨਸੀਅਤ ਵੀ ਦਿੱਤੀ |
ਆਦਮਪੁਰ ਨਗਰ ਕੌਂਸਲ ਚੋਣਾਂ ਵਿੱਚ 64.59 ਪ੍ਰਤੀਸ਼ਤ ਵੋਟਾਂ ਪਈਆਂ
ਆਦਮਪੁਰ, (ਰਮਨ ਦਵੇਸਰ)-ਆਦਮਪੁਰ ਨਗਰ ਕੌਂਸਲ ਦੇ 13 ਵਾਰਡਾਂ ਵਿੱਚ ਚੋਣ ਅਮਨ ਸ਼ਾਂਤੀ ਨਾਲ ਸਮਾਪਤ ਹੋਈਆਂ | ਆਦਮਪੁਰ ਨਗਰ ਕੌਂਸਲ ਵਿੱਚ 44 ਉਮੀਦਵਾਰ ਚੋਣ ਲੜ ਰਹੇ ਹਨ | ਆਦਮਪੁਰ ਵਿੱਚ ਕੁੱਲ 13 ਵਾਰਡਾਂ ਵਿੱਚ 12684 ਵੋਟਰ ਹਨ | ਜਿਸ ਵਿੱਚੋ ਆਦਮਪੁਰ ਦੇ 13 ਵਾਰਡਾਂ ਵਿੱਚ 64.59 ਪ੍ਰਤੀਸ਼ਤ ਵੋਟਾਂ ਪਇਆਂ | ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ | ਜਿਸ ਕਾਰਨ ਲੋਕਾਂ ਨੇ ਅਮਨ ਸ਼ਾਂਤੀ ਨਾਲ ਵੋਟਾਂ ਪਾਇਆਂ |
ਨਗਰ ਕੌਂਸਲ ਫਿਲੌਰ ਦੀਆਂ ਚੋਣਾਂ ਅਮਨ ਸ਼ਾਂਤੀ ਨਾਲ ਸੰਪੰਨ
ਫਿਲੌਰ, (ਸਤਿੰਦਰ ਸ਼ਰਮਾ)-ਨਗਰ ਕੌਂਸਲ ਫਿਲੌਰ ਦੇ 15 ਵਾਰਡਾਂ ਲਈ ਵੱਖ ਵੱਖ ਪਾਰਟੀਆਂ ਦੇ 57 ਉਮੀਦਵਾਰਾਂ ਨੇ ਚੋਣਾਂ ਵਿਚ ਭਾਗ ਲਿਆ ਜਿਸ ਵਿਚ ਕਾਂਗਰਸ ਪਾਰਟੀ ਦੇ 13, ਅਕਾਲੀ ਦਲ ਦੇ 10, ਭਾਜਪਾ ਦੇ 3, ਆਪ ਪਾਰਟੀ ਦੇ 14 ਅਤੇ 17 ਅਜ਼ਾਦ ਉਮੀਦਵਾਰਾਂ ਨੇ ਚੋਣ ਲੜੀ ਤੇ ਸ਼ਾਮ ਦੇ 5 ਵਜੇ ਤੱਕ ਫਿਲੌਰ 'ਚ 61 ਪ੍ਰਤੀਸ਼ਤ ਪੋਲਿੰਗ ਹੋਈ | ਕਾਂਗਰਸ ਪਾਰਟੀ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਆਪ ਦੇ ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ, ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਭਾਜਪਾ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਰਣਜੀਤ ਪਵਾਰ ਆਪੋ ਆਪਣੀਆਂ ਪਾਰਟੀਆਂ ਦੀ ਨੁਮਾਇੰਦਗੀ ਕਰ ਰਹੇ ਸਨ | ਵੋਟਾਂ ਪੈਣ ਦਾ ਸਮਾਂ ਸਮਾਪਤ ਹੋਣ ਉਪਰੰਤ ਵੱਖ-ਵੱਖ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਸਨ | ਡੀ.ਐਸ.ਪੀ. ਫਿਲੌਰ ਭਰਤ ਮਸੀਹ ਨੇੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, 22 ਬੂਥਾਂ 'ਤੇ 141 ਪੁਲਿਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਕੀਤੇ ਗਏ, 4 ਥਾਵਾਂ 'ਤੇ ਨਾਕੇ ਲਾਏ ਗਏ, 100 ਕਰਮਚਾਰੀ ਰਿਜ਼ਰਵ ਵਿਚ ਰੱਖੇ ਗਏ ਅਤੇ ਇਸ ਤੋਂ ਇਲਾਵਾ ਹੋਰ ਫੋਰਸ ਵੀ ਹਾਜ਼ਰ ਸੀ | 9 ਬੂਥ ਸੈਂਸਟਿਵ ਸਨ | ਉਨ੍ਹਾਂ ਦੱਸਿਆ ਕਿ ਫਿਲੌਰ 'ਚ ਅਮਨ ਸ਼ਾਂਤੀ ਨਾਲ ਪੋਲਿੰਗ ਸੰਪੰਨ ਹੋ ਗਈ | ਉਨ੍ਹਾਂ ਸੁਰੱਖਿਆ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਉਂਦੇ ਹੋਏ ਸਹਿਯੋਗ ਲਈ ਵੋਟਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ |
ਲੋਕਾਂ ਨੇ ਉਮੀਦਵਾਰਾਂ ਤੋਂ ਹਲਫ਼ੀਆ ਬਿਆਨ ਲੈ ਪਾਈਆਂ ਵੋਟਾਂ 6 ਮਹੀਨੇ ਅੰਦਰ ਮੰਗਾਂ ਪੂਰੀਆ ਨਾ ਹੋਣ ਤੇ ਕੌਂਸਲਰ ਖ਼ਿਲਾਫ਼ ਕਰਨਗੇ ਕਾਨੂੰਨੀ ਕਾਰਵਾਈ
ਫਿਲੌਰ, (ਵਿਪਨ ਗੈਰੀ)-ਫਿਲੌਰ ਦੇ ਵਾਰਡ ਨੰਬਰ 1 ਦੇ ਵਸਨੀਕਾਂ ਜਿਸ ਵਿਚ 250 ਘਰਾਂ ਅਤੇ 500 ਦੇ ਕਰੀਬ ਵੋਟਰਾਂ ਨੇ ਨਗਰ ਕੌਂਸਲ ਦੀਆ ਵੋਟਾਂ ਨਾ ਪਾਉਣ ਦਾ ਐਲਾਨ ਕਰ ਦਿੱਤਾ ਸੀ | ਕਿਉਂਕਿ ਉਨ੍ਹਾਂ ਦਾ ਮੁਹੱਲਾ ਸੰਤੋਖਪੁਰਾ ਫਿਲੌਰ ਦੀਆ 2 ਰੇਲਵੇ ਲਾਈਨਾਂ ਦੇ ਵਿਚਕਾਰ ਵਸਿਆ ਹੈ, ਜਿੱਥੇ ਵਿਭਾਗ ਵੱਲੋਂ ਚਾਰ ਦੀਵਾਰੀ ਕਰ ਦਿੱਤੀ ਅਤੇ ਵਸਨੀਕਾਂ ਨੂੰ ਆਉਣ ਜਾਣ ਲਈ ਸਿਰਫ਼ 2 ਫੁੱਟ ਦਾ ਰਸਤਾ ਛੱਡ ਦਿੱਤਾ | ਮੁਹੱਲਾ ਵਾਸੀਆ ਨੇ ਮੰਗ ਰੱਖੀ ਕੇ ਉਹ ਉਸ ਉਮੀਦਵਾਰ ਨੂੰ ਹੀ ਵੋਟਾਂ ਪਾਉਣਗੇ ਜੋ ਉਨ੍ਹਾਂ ਦੀਆਂ ਸ਼ਰਤਾਂ ਮੰਨ ਕੇ ਉਨ੍ਹਾਂ ਨੂੰ ਰਸਤਾ ਅਤੇ ਹੋਰ ਮੰਗਾਂ ਪੂਰੀਆਂ ਕਰੇਗਾ ਜਿਸ ਲਈ ਉਨ੍ਹਾਂ ਨੇ ਇੱਕ ਹਲਫ਼ੀਆ ਬਿਆਨ ਵੀ ਤਿਆਰ ਕਰਵਾ ਲਿਆ | ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆ ਨੇ ਦੱਸਿਆ ਕਿ ਅੱਜ ਸਵੇਰੇ ਵਾਰਡ ਨੰਬਰ 1 ਦੀਆਂ ਵੋਟਾਂ ਲੈਣ ਲਈ 6 ਵਿਚੋਂ 4 ਉਮੀਦਵਾਰਾਂ ਨੇ ਹਲਫ਼ੀਆ ਬਿਆਨ ਦੇ ਕੇ ਸਾਰੀਆਂ ਸ਼ਰਤਾਂ ਮੰਨੀਆ ਕਿ ਉਹ ਜਿੱਤਣ ਮਗਰੋਂ 6 ਮਹੀਨੇ ਦੇ ਅੰਦਰ ਉਨ੍ਹਾਂ ਲਈ ਪੱਕੇ ਤੌਰ ਤੇ ਰਸਤੇ ਦਾ ਪ੍ਰਬੰਧ ਕਰਨਗੇ ਜਿਸ ਮਗਰੋਂ ਸਥਾਨਕ ਵਸਨੀਕਾਂ ਨੇ ਹਲਫ਼ੀਆ ਬਿਆਨ ਦੇਣ ਵਾਲਿਆਂ ਨੂੰ ਆਪਣੀ ਮਰਜ਼ੀ ਮੁਤਾਬਿਕ ਵੋਟਾਂ ਪਾਉਣ ਦਾ ਐਲਾਨ ਕਰ ਦਿੱਤਾ ਤੇ ਵੋਟਾਂ ਪਾਈਆ | ਇਸੇ ਦੌਰਾਨ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਮੁਹੱਲਾ ਵਾਸੀਆ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਸਲੇ ਦੇ ਹੱਲ ਲਈ ਦਿੱਲੀ ਤੱਕ ਗੱਲ ਕੀਤੀ ਹੈ ਤੇ ਜਲਦ ਉਨ੍ਹਾਂ ਦੀ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ | ਉਧਰੋਂ ਮੁਹੱਲਾ ਦੇ ਲੋਕਾਂ ਨੇ ਦੱਸਿਆ ਕਿ ਉਹ 6 ਮਹੀਨੇ ਬੀਤ ਜਾਣ ਮਗਰੋਂ ਮੰਗਾ ਪੂਰੀਆ ਨਾ ਹੋਣ ਦੀ ਸੂਰਤ ਵਿਚ ਜੇਤੂ ਉਮੀਦਵਾਰ ਖ਼ਿਲਾਫ਼ ਮੋਰਚਾ ਖੋਲ੍ਹਣਗੇ ਅਤੇ ਕਾਨੂੰਨੀ ਕਾਰਵਾਈ ਆਰੰਭ ਦੇਣਗੇ ਜਿਸ ਲਈ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੀ.ਡਬਲਯੂ.ਡੀ. ਵਰਕਰਜ਼ (ਇੰਟਕ) ਯੂਨੀਅਨ ਜਲੰਧਰ ਵਲੋਂ ਮਾਤਾ ਰਤਨਾ ਦੇਵੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਲਾਲ ਕਿਲ੍ਹਾ ਕਾਰ ਧਮਾਕਾ-ਉਮਰ ਉਨ ਨਬੀ ਨੇ ਵਿਸਫੋਟਕ ਖ਼ਰੀਦਣ ਲਈ ਵਰਤੀ ਸੀ ਨਕਲੀ ਪਛਾਣ
Ad Position 24