ਜਲੰਧਰ, 27 ਮਈ (ਜਸਪਾਲ ਸਿੰਘ)-ਮੁਸਲਿਮ ਆਗੂ ਆਬਿਦ ਹਸਨ ਸਲਮਾਨੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਨ੍ਹਾਂ ਦੀ ਜਲੰਧਰ ਫੇਰੀ ਦੌਰਾਨ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਜਥੇਦਾਰ ਸਾਹਿਬ ਨਾਲ ਧਾਰਮਿਕ ਮਾਮਲਿਆਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਪੰਜਾਬ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਵਿਚਲੀਆਂ ਇਤਰਾਜ਼ਯੋਗ ਮੱਦਾਂ 'ਤੇ ਮੁਸਲਿਮ ਭਾਈਚਾਰਾ ਸਿੱਖ ਜਗਤ ਨਾਲ ਖੜ੍ਹਾ ਹੈ ਤੇ ਇਸ ਸੰਬੰਧੀ ਸਰਕਾਰ ਨੂੰ ਸਿੱਖ ਭਾਵਨਾਵਾਂ ਅਨੁਸਾਰ ਫੈਸਲਾ ਲੈਣਾ ਚਾਹੀਦਾ ਹੈ | ਆਬਿਦ ਸਲਮਾਨੀ ਨੇ ਸਿੰਘ ਸਾਹਿਬ ਨਾਲ ਸੂਬੇ ਦੇ ਰਾਜਸੀ ਤੇ ਸਮਾਜਿਕ ਹਾਲਾਤ ਬਾਰੇ ਵੀ ਚਰਚਾ ਕਰਦਿਆਂ ਕਿਹਾ ਕਿ ਸਮੁੱਚਾ ਮੁਸਲਿਮ ਭਾਈਚਾਰਾ ਸਿੱਖ ਸਮਾਜ ਦੇ ਨਾਲ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਇਸ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦੀ ਹੈ | ਇਸ ਮੌਕੇ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਅੰਦਰ ਮੁਸਲਮਾਨਾਂ ਦੇ ਟੋਪੀ ਪਹਿਨ ਕੇ ਜਾਣ 'ਤੇ ਲਗਾਈ ਗਈ ਰੋਕ ਬਾਰੇ ਵੀ ਗੱਲਬਾਤ ਕੀਤੀ |