ਸ਼ਾਹਕੋਟ, 28 ਮਈ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵੱਲੋਂ ਬਕਰੀਦ (ਈਦ-ਉਲ-ਜ਼ੁਹਾ) ਮੌਕੇ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਨਗਰ ਪੰਚਾਇਤਾਂ ਅਤੇ ਮਿਉਂਸਪਲ ਕਮੇਟੀਆਂ 'ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਜਿਸਦੇ ਬਾਵਜੂਦ ਪੰਜਾਬ ਦੇ ਕਈ ਜ਼ਿਲਿ੍ਹਆਂ ਸਮੇਤ ਸ਼ਾਹਕੋਟ ਸ਼ਹਿਰ 'ਚ ਸਫ਼ਾਈ ਸੇਵਕ ਇਸ ਤਿਉਹਾਰ ਮੌਕੇ ਵੀ ਸ਼ਹਿਰਾਂ 'ਚ ਆਮ ਦਿਨਾਂ ਵਾਂਗ ਕੰਮ ਕਰਦੇ ਨਜ਼ਰ ਆਏ, ਜਿਸ ਕਾਰਨ ਮੁਲਾਜ਼ਮਾਂ 'ਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਫ਼ਾਈ ਸੇਵਕ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਬੋਹਤ, ਜ਼ਿਲ੍ਹਾ ਆਗੂ ਸੁਭਾਸ਼ ਮਹਿਤਪੁਰੀ ਅਤੇ ਸੰਦੀਪ ਸਿੰਘ ਨਾਗਪਾਲ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਪੂਰੇ ਪੰਜਾਬ 'ਚ ਹਰ ਵਰਗ ਦੇ ਸਰਕਾਰੀ ਮੁਲਾਜ਼ਮਾਂ ਨੂੰ ਇਸ ਛੁੱਟੀ ਦਾ ਲਾਭ ਦਿੱਤਾ ਗਿਆ ਤਾਂ ਸਫ਼ਾਈ ਸੇਵਕਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਅਕਸਰ ਦੇਖਿਆ ਜਾਂਦਾ ਹੈ ਕਿ ਸਾਰੇ ਤਿਉਹਾਰਾਂ 'ਤੇ ਬਾਕੀ ਮੁਲਾਜ਼ਮ ਛੁੱਟੀ ਦਾ ਆਨੰਦ ਮਾਣਦੇ ਹਨ, ਪਰ ਸਫ਼ਾਈ ਸੇਵਕਾਂ ਨੂੰ ਛੁੱਟੀ ਵਾਲੇ ਦਿਨ ਵੀ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ | ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿੱਧੇ ਤੌਰ 'ਤੇ ਮਨੁੱਖੀ ਅਧਿਕਾਰਾਂ ਅਤੇ ਮੁਲਾਜ਼ਮ ਹੱਕਾਂ ਦਾ ਘਾਣ ਹੈ | ਉਨ੍ਹਾਂ ਨੇ ਐਸ.ਸੀ./ਐਸ.ਟੀ. ਕਮਿਸ਼ਨ ਪੰਜਾਬ ਅਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਮਾਮਲੇ ਦਾ ਖੁਦ ਸਖ਼ਤ ਨੋਟਿਸ ਲੈਣ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |