ਜਲੰਧਰ, 30 ਮਈ (ਸ਼ਿਵ)-ਅੱਜ ਸਵੇਰੇ ਝੱਖੜ ਚੱਲਣ ਅਤੇ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਤੇ ਉੱਥੇ ਕਈ ਥਾਵਾਂ 'ਤੇ ਬਿਜਲੀ ਲਾਈਨਾਂ ਦੇ ਉੱਪਰ ਦਰੱਖਤਾਂ ਦੇ ਟਾਹਣੇ ਡਿਗਣ ਨਾਲ ਕਈ ਘੰਟੇ ਤੱਕ ਬਿਜਲੀ ਸਪਲਾਈ ਬੰਦ ਰਹੀ | ਮੌਸਮ ਵਿਭਾਗ ਵਲੋਂ 29 ਮਈ ਤੋਂ ਮੌਸਮ ਬਦਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ | ਉਂਝ ਸ਼ੁੱਕਰਵਾਰ ਸ਼ਾਮ ਨੂੰ ਹੀ ਮੌਸਮ ਵਿਚ ਬਦਲਾਅ ਹੋ ਗਿਆ ਸੀ ਪਰ ਅੱਜ ਸਵੇਰੇ ਇਕ ਘੰਟੇ ਦੇ ਕਰੀਬ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲੀ ਸਗੋਂ ਕਈ ਇਲਾਕਿਆਂ ਵਿਚ ਜਲਥਲ ਹੋ ਗਈ | ਤੇਜ਼ ਹਵਾਵਾਂ ਨਾਲ ਮੀਂਹ ਪੈਣ ਨਾਲ ਤਾਪਮਾਨ ਕਾਫੀ ਡਿਗ ਗਿਆ ਤੇ ਜਿੱਥੇ ਬੀਤੇ ਦਿਨੀਂ ਕਹਿਰ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਸੀ ਤਾਂ ਸਵੇਰੇ ਮੀਂਹ ਪੈਣ ਨਾਲ ਠੰਢ ਵਾਲਾ ਮੌਸਮ ਬਣ ਗਿਆ ਸੀ | ਅੱਜ ਸਾਰਾ ਦਿਨ ਲੋਕਾਂ ਨੂੰ ਤਾਪਮਾਨ ਡਿਗਣ ਨਾਲ ਕਾਫੀ ਰਾਹਤ ਮਿਲੀ | ਮੀਂਹ ਪੈਣ ਕਰਕੇ ਇਸ ਦਾ ਅਸਰ ਦੋ ਤਿੰਨ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਉਧਰ ਮੀਂਹ ਪੈਣ ਨਾਲ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿੱਥੇ ਕਿ ਲੋਕਾਂ ਨੂੰ ਲੰਘਣ ਵਿਚ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਤੇਜ਼ ਹਵਾਵਾਂ ਚੱਲਣ ਨਾਲ ਕਈ ਬਿਜਲੀ ਲਾਈਨਾਂ ਬੰਦ ਹੋ ਗਈਆਂ | ਜਲੰਧਰ ਅਤੇ ਫਗਵਾੜਾ ਦੇ ਕਰੀਬ 60 ਬਿਜਲੀ ਦੇ ਫੀਡਰ ਬੰਦ ਹੋ ਗਏ | ਬਿਜਲੀ ਹੋਣ 'ਤੇ 6000 ਤੋਂ ਜ਼ਿਆਦਾ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ | ਦੱਸਿਆ ਜਾਂਦਾ ਹੈ ਕਿ ਕਈ ਥਾਵਾਂ 'ਤੇ ਦਰੱਖਤਾਂ ਦੇ ਟਾਹਣੇ ਬਿਜਲੀ ਲਾਈਨਾਂ 'ਤੇ ਡਿਗਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ | ਪਾਵਰਕਾਮ ਨੇ ਕਈ ਬਿਜਲੀ ਵਾਲੇ ਫੀਡਰ ਤਾਂ ਤਿੰਨ ਤੋਂ ਚਾਰ ਘੰਟੇ ਵਿਚ ਹੀ ਚਲਾ ਦਿੱਤੇ ਪਰ ਕਈ ਫੀਡਰਾਂ ਨੂੰ ਠੀਕ ਕਰਨ ਲਈ ਕਾਫੀ ਸਮਾਂ ਲੱਗਾ ਤੇ ਕਈ ਇਲਾਕਿਆਂ ਵਿਚ 3 ਵਜੇ ਤੋ ਬਾਅਦ ਹੀ ਬਿਜਲੀ ਸਪਲਾਈ ਸ਼ੁਰੂ ਹੋ ਸਕੀ | ਪਾਵਰਕਾਮ ਦੇ ਉੱਤਰੀ ਜੋਨ ਦੇ ਉਪ ਮੱੁਖ ਇੰਜੀ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਝੱਖੜ ਕਾਰਨ ਕਈ ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਾ ਹੈ ਜਿਸ ਕਰਕੇ 60 ਦੇ ਕਰੀਬ ਫੀਡਰ ਬੰਦ ਹੋਏ ਹਨ | ਬਿਜਲੀ ਸਪਲਾਈ ਕੁੱਝ ਸਮੇਂ ਬਾਅਦ ਚਲਾ ਦਿੱਤੀ ਗਈ ਸੀ ਪਰ ਕਈ ਥਾਵਾਂ 'ਤੇ ਬਾਅਦ ਦੁਪਹਿਰ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਸੀ |