ਮਕਸੂਦਾਂ, 31 ਮਈ (ਸੌਰਵ ਮਹਿਤਾ)-ਸੋਢਲ ਰੋਡ ਸਥਿਤ ਸਿਲਵਰ ਪਲਾਜ਼ਾ ਮਾਰਕੀਟ ਵਿੱਚ ਸ਼ਨੀਵਾਰ ਰਾਤ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਕੁਝ ਨੌਜਵਾਨਾਂ ਨੇ ਇੱਕ ਪਰਿਵਾਰ 'ਤੇ ਹਮਲਾ ਕਰ ਦਿੱਤਾ | ਇਸ ਘਟਨਾ ਵਿੱਚ ਪਿਤਾ ਅਤੇ ਪੁੱਤਰ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ | ਮੁੱਢਲੀ ਜਾਂਚ ਦੌਰਾਨ ਹਮਲੇ ਦਾ ਕਾਰਨ ਪੁਰਾਣੀ ਦੁਸ਼ਮਣੀ ਸਾਹਮਣੇ ਆ ਰਹੀ ਹੈ | ਮਿਲੀ ਜਾਣਕਾਰੀ ਮੁਤਾਬਕ ਸੋਨੂ ਆਪਣੇ ਪਰਿਵਾਰ ਨਾਲ ਮਾਰਕੀਟ ਵਿੱਚ ਇੱਕ ਰੈਸਟੋਰੈਂਟ 'ਚ ਖਾਣਾ ਖਾ ਰਿਹਾ ਸੀ | ਇਸੇ ਦੌਰਾਨ ਕੁਝ ਨੌਜਵਾਨ ਉੱਥੇ ਪਹੁੰਚੇ ਅਤੇ ਉਸ ਦੇ ਪੁੱਤਰ ਨਿਖਿਲ ਨੂੰ ਆਪਣੇ ਨਾਲ ਗੱਲ ਕਰਨ ਲਈ ਬੁਲਾਇਆ | ਪਰਿਵਾਰ ਨੂੰ ਸ਼ੁਰੂ ਵਿੱਚ ਕਿਸੇ ਅਣਹੋਣੀ ਦਾ ਅੰਦਾਜ਼ਾ ਨਹੀਂ ਸੀ, ਪਰ ਕੁਝ ਹੀ ਪਲਾਂ ਬਾਅਦ ਮਾਮਲਾ ਹਿੰਸਕ ਰੂਪ ਧਾਰ ਗਿਆ | ਦੋਸ਼ ਹੈ ਕਿ ਨਿਖਿਲ ਦੇ ਕੋਲ ਪਹੁੰਚਦੇ ਹੀ ਹਮਲਾਵਰਾਂ ਨੇ ਉਸ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ | ਹੱਥਾਂ ਵਿੱਚ ਫੜੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਅਤੇ ਪਿਸਤੌਲ ਦੇ ਬੱਟ ਨਾਲ ਵੀ ਹਮਲਾ ਕੀਤਾ ਗਿਆ | ਪੁੱਤਰ ਨੂੰ ਘਿਰਿਆ ਦੇਖ ਕੇ ਜਦੋਂ ਸੋਨੂ ਉਸ ਨੂੰ ਛੁਡਾਉਣ ਲਈ ਅੱਗੇ ਵਧਿਆ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਨਿਸ਼ਾਨਾ ਬਣਾਇਆ | ਇਸ ਦੌਰਾਨ ਉਸ ਦੇ ਹੱਥ 'ਤੇ ਵਾਰ ਹੋਣ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ | ਘਟਨਾ ਦੌਰਾਨ ਮੌਜੂਦ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਇਲਾਕੇ ਦੇ ਲੋਕ ਇਕੱਠੇ ਹੋਣ ਲੱਗੇ | ਭੀੜ ਵਧਦੀ ਦੇਖ ਹਮਲਾਵਰ ਮੌਕੇ ਤੋਂ ਨਿਕਲ ਗਏ | ਪਰਿਵਾਰ ਦਾ ਦਾਅਵਾ ਹੈ ਕਿ ਘਟਨਾ ਦੇ ਕੁਝ ਦਿ੍ਸ਼ ਮੋਬਾਈਲ ਫੋਨ ਵਿੱਚ ਰਿਕਾਰਡ ਹੋਏ ਹਨ, ਜੋ ਜਾਂਚ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ | ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ | ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਦੇ ਬਿਆਨਾਂ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਹਮਲਾਵਰਾਂ ਦੀ ਪਹਿਚਾਣ ਕਰਕੇ ਬਣਦੀ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |