ਜਲੰਧਰ, 31 ਮਈ (ਐੱਮ. ਐੱਸ. ਲੋਹੀਆ)-ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਦੀ ਇਕ ਜ਼ਰੂਰੀ ਇਕੱਤਰਤਾ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ ਹੋਈ, ਜਿਸ ਦੌਰਾਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਕੱਤਰਤਾ ਦੌਰਾਨ ਸੋਧ ਬਿੱਲ ਨੂੰ ਪੜ੍ਹਕੇ ਸਭ ਨੇ ਵਿਚਾਰ ਕਰਨ ਤੋਂ ਬਾਅਦ ਕਿਹਾ ਕਿ ਸਰਕਾਰ ਇਨ੍ਹਾਂ ਸੋਧਾਂ ਨੂੰ ਰੱਦ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਕਾਨੂੰਨ 'ਚ ਸੋਧਾਂ ਕੀਤੀਆਂ ਜਾਣ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰੂ ਘਰਾਂ 'ਚ, ਜਾਂ ਘਰਾਂ 'ਚ ਪ੍ਰਕਾਸ਼ ਕਰਨ ਵਾਲਿਆਂ ਨੂੰ ਦੋਸ਼ੀ ਬਣਾ ਦਿੱਤਾ ਜਾਵੇ | ਆਗੂਆਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ, ਕਿ ਸੰਗਤ ਦੀ ਇਸ ਮੰਗ ਨੂੰ ਜਲਦੀ ਪ੍ਰਵਾਨ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਤਕਰੀਬਨ ਪਿਛਲੇ ਚਾਲ੍ਹੀ ਸਾਲਾਂ ਤੋਂ ਜੋ ਬੰਦੀ ਸਿੰਘ ਹਨ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਜਲਦੀ ਰਿਹਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰ ਨੇ ਸਜ਼ਾਵਾਂ ਪੂਰੀਆਂ ਕਰ ਚੁਕੇ ਸਿੰਘਾਂ ਨੂੰ ਜਬਰਦਸਤੀ ਜੇਲ੍ਹਾਂ 'ਚ ਰੱਖਿਆ ਹੋਇਆ ਹੈ | ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਸਿੱਖਾਂ ਨਾਲ ਹੀ ਹੋ ਰਿਹਾ ਹੈ, ਜਦਕਿ ਰਾਮ ਰਹੀਮ ਵਰਗਿਆਂ ਨੂੰ ਵਾਰ-ਵਾਰ ਪੇਰੋਲ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੀ ਇਸ ਮੰਗ ਨੂੰ ਸਰਕਾਰ ਜਲਦੀ ਪੂਰੀ ਕਰੇ ਅਤੇ ਸਿੱਖਾਂ ਦੇ ਮਨਾਂ 'ਚੋਂ ਰੋਸ ਖ਼ਤਮ ਕਰੇ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ, ਮਨਜੀਤ ਸਿੰਘ ਠੁੱਕਰਾਲ, ਪਰਮਜੀਤ ਸਿੰਘ ਭਲਵਾਨ, ਕੰਵਲਜੀਤ ਸਿੰਘ ਸੈਕਟਰੀ, ਹਰਜਿੰਦਰ ਸਿੰਘ ਲੈਂਡਲਾਰਡ, ਗੁਰਕ੍ਰਿਪਾਲ ਸਿੰਘ, ਗੁਰਬਖ਼ਸ਼ ਸਿੰਘ ਜੁਨੇਜਾ, ਜਸਬੀਰ ਸਿੰਘ ਰੰਧਾਵਾ (ਡਿਫੈਂਸ ਕਾਲੋਨੀ), ਸਤਪਾਲ ਸਿੰਘ ਸਿਦਕੀ (ਕ੍ਰਿਸ਼ਨਾ ਨਗਰ), ਕੁਲਜੀਤ ਸਿੰਘ ਚਾਵਲਾ, ਹਰਭਜਨ ਸਿੰਘ ਸੈਣੀ, ਅਮਰਜੀਤ ਸਿੰਘ, ਹਰਜੋਤ ਸਿੰਘ ਲੱਕੀ, ਅਮਰਜੀਤ ਸਿੰਘ ਢੀਂਗਰਾ ਭਾਰਗੋ ਕੈਂਪ, ਸਰਬਜੀਤ ਸਿੰਘ ਰਾਜਪਾਲ, ਗੁਰਵਿੰਦਰ ਸਿੰਘ ਮਝੈਲ ਅਤੇ ਹੋਰ ਹਾਜ਼ਰ ਸਨ |