ਚੁਗਿੱਟੀ/ਜੰਡੂਸਿੰਘਾ, 31 ਮਈ (ਨਰਿੰਦਰ ਲਾਗੂ)-ਸ਼ਹਿਰ ਦੇ ਨਾਲ ਲੱਗਦੇ ਸਤਨਾਮ ਨਗਰ, ਚੁਗਿੱਟੀ ਚੌਕ, ਅਵਤਾਰ ਨਗਰ ਤੇ ਆਸ-ਪਾਸ ਦੇ ਮੁਹੱਲਿਆਂ 'ਚ ਕਈ ਥਾਈਾ ਨਜ਼ਰ ਆਉਂਦੇ ਖ਼ਾਲੀ ਪਲਾਟਾਂ 'ਚ ਪਏ ਕੂੜੇ ਦੇ ਢੇਰਾਂ ਨੂੰ ਅੱਗ ਲਗਾਏ ਜਾਣ 'ਤੇ ਨਿਕਲਦੇ ਧੂੰਏਾ ਕਾਰਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ 'ਚ ਸਾਹ ਲੈਣ 'ਚ ਬੜੀ ਔਖਿਆਈ ਹੁੰਦੀ ਹੈ | ਇਹ ਪ੍ਰਗਟਾਵਾ ਗੱਲ ਕਰਦੇ ਹੋਏ ਕਈ ਵਾਤਾਵਰਨ ਪ੍ਰੇਮੀਆਂ ਵਲੋਂ ਕੀਤਾ ਗਿਆ | ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਸੰਬੰਧਿਤ ਮਹਿਕਮੇ ਦੀ ਢਿੱਲ ਕਾਰਨ ਲਾਪ੍ਰਵਾਹ ਲੋਕਾਂ ਤੇ ਸਫ਼ਾਈ ਕਰਮਚਾਰੀਆਂ ਵਲੋਂ ਖੁੱਲ੍ਹੇ ਪਲਾਟਾਂ 'ਚ ਕੂੜਾ ਸੁੱਟਿਆ ਜਾਂਦਾ ਹੈ, ਜਿਸ ਕਾਰਨ ਥਾਂ-ਥਾਂ ਕੂੜੇ ਦੇ ਢੇਰ ਲੱਗ ਰਹੇ ਹਨ | ਉਨ੍ਹਾਂ ਤੋਂ ਦੂਰ-ਦੂਰ ਤੱਕ ਫੈਲ ਰਹੀ ਬਦਬੂ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ | ਜਿਸ ਦੀ ਲਪੇਟ 'ਚ ਆਉਣ ਕਾਰਨ ਹਰ ਉਮਰ ਵਰਗ ਦੇ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕੂੜੇ 'ਤੇ ਪੈਦਾ ਹੋਏ ਮੱਖੀਆਂ ਤੇ ਮੱਛਰਾਂ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਜ਼ੀ ਮੰਡੀ 'ਚ ਤਾਂ ਆਏ ਦਿਨ ਕੂੜੇ ਤੇ ਕਬਾੜ ਦੇ ਸਾਮਾਨ ਨੂੰ ਅੱਗ ਲਗਾਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਉਧਰ ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਐਵੇਨਿਊ 'ਚ ਇਕ ਥਾਂ ਖ਼ਾਲੀ ਪਲਾਟ 'ਚ ਪਏ ਕੂੜੇ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਅੱਗ ਲਗਾ ਦਿੱਤੀ ਗਈ, ਜਿਸ ਨੂੰ ਬੁਝਾਉਣ ਲਈ ਫਾਇਰ ਬਿ੍ਗੇਡ ਦੀ ਟੀਮ ਨੂੰ ਬੁਲਾਉਣਾ ਪਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਤੇ ਉਨ੍ਹਾਂ ਨਾਲ ਹੋਰ ਇਲਾਕਾ ਵਸਨੀਕਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮਿਲੀ ਜਾਣਕਾਰੀ ਅਨੁਸਾਰ ਉਕਤ ਤੋਂ ਇਲਾਵਾ ਚੁਗਿੱਟੀ, ਏਕਤਾ ਨਗਰ, ਸਤਨਾਮ ਨਗਰ ਤੇ ਆਸ-ਪਾਸ ਦੇ ਮੁਹੱਲਿਆਂ 'ਚ ਵੀ ਕਈ ਥਾਈਾ ਕੂੜੇ ਦੇ ਢੇਰ ਪਏ ਹਨ | ਉਨ੍ਹਾਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਸਲੇ ਵੱਲ ਪ੍ਰਸ਼ਾਸਨ ਵਲੋਂ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ |