ਸ਼ਾਹਕੋਟ, 31 ਮਈ (ਸੁਖਦੀਪ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਜਾਗਤ-ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 'ਚ ਦਰਜ ਇਤਰਾਜ਼ਯੋਗ ਮੱਦਾਂ ਬਾਰੇ ਵਿਚਾਰਾਂ ਕਰਨ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਵਿਸ਼ਾਲ ਪੰਥਕ ਕਾਨਫਰੰਸ 'ਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਬਲਦੇਵ ਸਿੰਘ ਕਲਿਆਣ ਦੀ ਅਗਵਾਈ 'ਚ ਹਲਕਾ ਸ਼ਾਹਕੋਟ ਤੋਂ ਅੱਜ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ, ਬਾਜਵਾ ਕਲਾਂ (ਸ਼ਾਹਕੋਟ) ਵਿਖੇ ਅਰਦਾਸ-ਬੇਨਤੀ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਵੱਡੀ ਗਿਣਤੀ ਵਿਚ ਸੰਗਤਾਂ ਬੱਸਾਂ ਰਾਹੀਂ ਰਵਾਨਾ ਹੋਈਆਂ, ਜਿੰਨ੍ਹਾਂ 'ਚ ਸਿੱਖ ਜਥੇਬੰਦੀਆਂ, ਗ੍ਰੰਥੀ ਸਿੰਘ, ਪ੍ਰਚਾਰਕ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਤੇ ਹੋਰ ਸੰਗਤਾਂ ਸ਼ਾਮਿਲ ਸਨ | ਇਸ ਮੌਕੇ ਜਥੇ. ਬਲਦੇਵ ਸਿੰਘ ਕਲਿਆਣ ਨੇ ਕਿਹਾ ਕਿ ਪੰਥਕ ਮਸਲਿਆਂ ਬਾਰੇ ਸੰਗਤਾਂ ਨਾਲ ਵਿਚਾਰਾਂ ਕਰਨ ਲਈ ਹੋ ਰਹੀ ਕਾਨਫਰੰਸ 'ਚ ਸ਼ਾਮਲ ਹੋਣ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਹੈ, ਜਿਸ ਦੌਰਾਨ ਹਲਕੇ 'ਚ ਮਹਿਤਪੁਰ, ਗੁਰਦੁਆਰਾ ਸੈਦਰਾਣਾ ਸਾਹਿਬ ਬਿੱਲੀ ਬੜੈਚ, ਲੋਹੀਆਂ ਖ਼ਾਸ ਤੋਂ ਵੀ ਬੱਸਾਂ ਭੇਜੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਪੰਥਕ ਮਸਲਿਆਂ ਨੂੰ ਉਭਾਰਨ ਅਤੇ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰਨ 'ਚ ਸਹਾਈ ਹੋਵੇਗੀ | ਪੰਜਾਬ ਸਰਕਾਰ ਵੱਲੋਂ ਸਿੱਖ ਧਰਮ ਦੇ ਮਾਮਲਿਆਂ 'ਚ ਦਖ਼ਲਅੰਦਾਜ਼ੀ ਕਰਕੇ ਲੋਕਾਂ ਦਾ ਧਿਆਨ ਹੋਰ ਲੋਕ ਮਸਲਿਆਂ ਤੋਂ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸਿੱਖ ਧਰਮ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪ੍ਰਵਾਹ ਅਤੇ ਕੋਈ ਸਲਾਹ-ਮਸ਼ਵਰਾ ਕੀਤੇ ਬਿਨਾਂ ਹੀ ਜ਼ਬਰੀ ਕਨੂੰਨ ਸੰਗਤਾਂ 'ਤੇ ਥੋਪਿਆ ਜਾ ਰਿਹਾ ਹੈ, ਜਿਸ ਨਾਲ ਸੰਗਤਾਂ ਨੂੰ ਗੁਰੂ ਨਾਲੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਸਿੱਖ ਧਰਮ ਲਈ ਬਹੁਤ ਅਹਿਮ ਹੈ | ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਵੱਲੋਂ ਵੀ ਪੰਥਕ ਕਾਨਫਰੰਸ ਲਈ ਭਰਪੂਰ ਸਹਿਯੋਗ ਕੀਤਾ ਗਿਆ |