ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) ਫੋਰਟਿਸ ਹਸਪਤਾਲ ਜਲੰਧਰ ਨੇ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲਿਆਂ, ਸਮਾਜਿਕ ਵਰਕਰਾਂ ਅਤੇ ਭਾਈਵਾਲ ਗ਼ੈਰ-ਸਰਕਾਰੀ ਸੰਗਠਨਾਂ-ਐੱਨ.ਜੀ.ਓ. ਦਾ ਸਨਮਾਨ ਕਰਨ ਲਈ ਇਕ ਵਿਸ਼ੇਸ਼ ਸਨਮਾਨ ਸਮਾਗਮ ਦੇ ਨਾਲ-ਨਾਲ ਖੂਨਦਾਨ ਕੈਂਪ ਲਗਾਇਆ | ਇਸ ਦੌਰਾਨ ਉਨ੍ਹਾਂ ਨੂੰ ਖ਼ਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਇਸ ਖ਼ੇਤਰ 'ਚ ਸੁਰੱਖਿਅਤ ਅਤੇ ਨਿਯਮਤ ਖੂਨਦਾਨ ਪਹਿਲਕਦਮੀਆਂ ਦਾ ਸਮਰਥਨ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਫੋਰਟਿਸ ਜਲੰਧਰ ਨਾਲ ਮਿਲ ਕੇ ਕੰਮ ਕਰਨ ਵਾਲੀਆਂ ਅਤੇ ਸਾਲ ਭਰ ਖੂਨਦਾਨ ਮੁਹਿੰਮਾਂ 'ਚ ਸਹਿਯੋਗ ਦੇਣ ਵਾਲੀਆਂ ਐੱਨ.ਜੀ.ਓਜ਼, ਯੂਥ ਕਲੱਬਾਂ, ਸਮਾਜਿਕ ਸੰਸਥਾਵਾਂ ਅਤੇ ਕਮਿਊਨਿਟੀ ਗਰੁੱਪਾਂ ਨੂੰ ਵੀ ਇਸ ਨੇਕ ਕਾਰਜ ਪ੍ਰਤੀ ਉਨ੍ਹਾਂ ਦੀ ਨਿਰੰਤਰ ਵਚਨਬੱਧਤਾ ਲਈ ਸਨਮਾਨਿਤ ਕੀਤਾ ਗਿਆ | ਖੂਨਦਾਨ ਕੈਂਪ ਦਾ ਮੰਤਵ ਨਿਯਮਤ ਸਵੈ-ਇੱਛਤ ਖੂਨਦਾਨ ਦੀ ਜ਼ਰੂਰਤ ਬਾਰੇ ਜਾਗਰੂਕਤਾ ਨੂੰ ਵਧਾਉਣਾ, ਐਮਰਜੈਂਸੀ ਦੇਖਭਾਲ, ਸਰਜਰੀਆਂ, ਕੈਂਸਰ ਇਲਾਜ, ਥੈਲੇਸੀਮੀਆ ਪ੍ਰਬੰਧਨ, ਅੰਗ ਟ੍ਰਾਂਸਪਲਾਂਟੇਸ਼ਨ ਅਤੇ ਹੋਰ ਮਹੱਤਵਪੂਰਨ ਡਾਕਟਰੀ ਮਦਦ ਦੀ ਲੋੜ ਵਾਲੇ ਮਰੀਜ਼ਾਂ ਲਈ ਸੁਰੱਖਿਅਤ ਖੂਨ ਅਤੇ ਖੂਨ ਦੇ ਹਿੱਸਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਅਤੇ ਪਹਿਲੀ ਵਾਰ ਦਾਨੀਆਂ ਨੂੰ ਇਸ ਜੀਵਨ-ਰੱਖਿਅਕ ਲਹਿਰ 'ਚ ਜੀਵਨ ਭਰ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਬੋਲਦਿਆਂ, ਫੋਰਟਿਸ ਹਸਪਤਾਲ ਜਲੰਧਰ ਦੇ ਟਰਾਂਸਫਿਊਜ਼ਨ ਮੈਡੀਸਨ (ਬਲੱਡ ਸੈਂਟਰ) ਦੀ ਮੁਖੀ ਡਾ. ਕੁਸੁਮ ਠਾਕੁਰ ਨੇ ਕਿਹਾ ਕਿ ''ਦਾਨ ਕੀਤੇ ਗਏ ਖੂਨ ਦੀ ਹਰੇਕ ਯੂਨਿਟ 'ਚ ਕਈ ਜਾਨਾਂ ਬਚਾਉਣ ਦੀ ਸਮਰੱਥਾ ਹੁੰਦੀ ਹੈ | ਫੋਰਟਿਸ ਹਸਪਤਾਲ ਜਲੰਧਰ ਦੇ ਫੈਸਿਲਿਟੀ ਡਾਇਰੈਕਟਰ ਡਾ. ਅੰਕੁਸ਼ ਮਹਿਤਾ ਨੇ ਕਿਹਾ ਕਿ 'ਖੂਨਦਾਨ ਉਨ੍ਹਾਂ ਕੁਝ ਕਾਰਜਾਂ 'ਚੋਂ ਇਕ ਹੈ ਜੋ ਪ੍ਰਾਪਤਕਰਤਾ ਅਤੇ ਦਾਨੀ ਦੋਵਾਂ ਨੂੰ ਲਾਭ ਪਹੁੰਚਾਉਂਦਾ ਹੈ | ਪਹਿਲ ਐੱਨ.ਜੀ.ਓ. ਦੀ ਪ੍ਰੈਸੀਡੈਂਟ ਸ੍ਰੀਮਤੀ ਹਰਵਿੰਦਰ ਕੌਰ ਨੇ ਕਿਹਾ, 'ਸਵੈ-ਇੱਛਤ ਖੂਨਦਾਨ ਇਕ ਸਧਾਰਨ ਕਾਰਜ ਹੈ ਜੋ ਕਿਸੇ ਦੇ ਜੀਵਨ 'ਤੇ ਅਸਾਧਾਰਨ ਪ੍ਰਭਾਵ ਪਾ ਸਕਦਾ ਹੈ |