ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ)ਵਾਤਾਵਰਣ ਸੁਰੱਖਿਆ ਅਤੇ ਤੰਦਰੁਸਤ ਜੀਵਨ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ), ਜਲੰਧਰ ਦੀ ਸਟੂਡੈਂਟ ਕੌਂਸਲ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਵਿਦਿਆਰਥੀਆਂ ਵਲੋਂ ਮਨੁੱਖੀ ਜੀਵਨ ਨੂੰ ਬਚਾਉਣ ਲਈ ਆਮ ਲੋਕਾਂ ਨੂੰ ਖੂਨਦਾਨ ਕਰਨ ਪ੍ਰਤੀ ਉਤਸ਼ਾਹਿਤ ਕੀਤਾ ਗਿਆ | ਇਸ ਸਬੰਧੀ ਵਿਦਿਆਰਥੀਆਂ ਵਲੋਂ ਪਿਮਸ ਐਗਜ਼ੈਕਟਿਵ ਚੇਅਰਮੈਨ ਡਾ. ਕੰਵਲਜੀਤ ਸਿੰਘ, ਡਾਇਰੈਕਟਰ ਪਿ੍ੰਸੀਪਲ ਡਾ. ਰਾਜੀਵ ਅਰੋੜਾ, ਹਸਪਤਾਲ ਡਾਇਰੈਕਟਰ ਗੁਰਕੀਰਤ ਸਿੰਘ, ਮੈਡੀਕਲ ਸੁਪਰਡੈਂਟ ਡਾ. ਸੀਮਾ ਦੱਤ ਬੰਧੂ, ਐਸੋਸੀਏਸ਼ ਡੀਨ ਯੂ.ਜੀ. ਅਕੈਡਿਮਿਕਸ ਡਾ. ਐੱਚ.ਕੇ. ਚੀਮਾ, ਹੈੱਡ ਮੈਡੀਕਲ ਐਡਮਿਨਿਸਟ੍ਰੇਸ਼ਨ ਡਾ. ਗੋਮਤੀ ਮਹਾਜਨ, ਫੈਕਿਲਿਟੀ ਇੰਚਾਰਜ ਸਟੂਡੈਂਟਸ ਕਲੱਬ ਡਾ. ਤਾਨੀਆ ਮੋਦਗਿੱਲ, ਦਿਪਤੀ ਸਰਦਾਨਾ (ਡਾਇਰੈਕਟਰ ਫਾਰ ਸੋਸ਼ਲ ਇੰਪੈਕਟ ਪਿਮਸ) ਦੇ ਸਹਿਯੋਗ, ਵਿਦਿਆਰਥੀ ਕੌਂਸਲ ਦੇ ਪ੍ਰਧਾਨ ਨੰਦਨੀ ਵੈਦ ਅਤੇ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਕਲਸੀ ਦੇ ਉਪਰਾਲੇ ਸਦਕਾ ਕਰਵਾਏ ਇਕ ਸਮਾਗਮ ਮੌਕੇ 'ਅਜੀਤ ਪ੍ਰਕਾਸ਼ਨ ਸਮੂਹ' ਦੀ ਸੀਨੀਅਰ ਐਗਜ਼ੈਕਟਿਵ ਸ੍ਰੀਮਤੀ ਗੁਰਜੋਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾਂ ਵਲੋਂ ਬੂਟਾ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਖਿੱਚੀਆਂ ਗਈਆਂ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ, ਜਿਨ੍ਹਾਂ ਨੂੰ ਮੁੱਖ ਮਹਿਮਾਨ ਸ੍ਰੀਮਤੀ ਗੁਰਜੋਤ ਕੌਰ ਅਤੇ ਪਿਮਸ ਪ੍ਰਬੰਧਨ ਵਲੋਂ ਪੰਜ ਪੱਧਰ ਦੀ ਪਰਖ (ਕ੍ਰੀਏਟਿਵਟੀ, ਪਿਕਚਰ ਕੁਆਲਿਟੀ, ਰੈਲੀਵੇਸ਼ਨ ਆਫ਼ ਥੀਮ, ਕੈਪਸ਼ਨ/ਡਿਸਕ੍ਰਿਪਸ਼ਨ, ਨੋਵਿਲਟੀ ਆਫ਼ ਦੀ ਪਿਕਚਰ) ਤੋਂ ਬਾਅਦ ਤਿੰਨ ਵਿਦਿਆਰਥੀਆਂ ਦੀਆਂ ਤਸਵੀਰਾਂ ਨੂੰ ਚੁਣਿਆ ਗਿਆ, ਜਿਨ੍ਹਾਂ ਨੂੰ ਬਾਅਦ 'ਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਨੇ ਇਕ ਭਾਵਨਾ ਭਰਪੂਰ ਨਾਟਕ ਪੇਸ਼ ਕਰਕੇ ਆਮ ਲੋਕਾਂ ਨੂੰ ਖੂਨਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ ਅਤੇ ਰਕਤਦਾਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਆਪਣੇ ਸੰਬੋਧਨ 'ਚ ਸ੍ਰੀਮਤੀ ਗੁਰਜੋਤ ਕੌਰ ਨੇ ਵਿਦਿਆਰਥੀਆਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪਿਮਸ ਪ੍ਰਬੰਧਨ ਨੂੰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਲਈ ਵਧਾਈ ਦਿੱਤੀ | ਸ੍ਰੀਮਤੀ ਗੁਰਜੋਤ ਕੌਰ ਨੇ ਕਿਹਾ ਕਿ ਸਾਡੇ ਵਾਤਾਵਾਰਨ ਨੂੰ ਸੁਰੱਖਿਅਤ ਰੱਖਣ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ, ਜੇਕਰ ਅਸੀਂ ਬੂਟੇ ਲਗਾਵਾਂਗੇ ਅਤੇ ਉਨ੍ਹਾਂ ਦੀ ਪੂਰੀ ਦੇਖਭਾਲ ਕਰਾਂਗੇ, ਤਾਂ ਹੀ ਉਹ ਰੁੱਖ ਬਣਕੇ ਸਾਡੇ ਵਾਤਾਵਰਨ ਨੂੰ ਸ਼ੁੱਧ ਕਰਨਗੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਤੰਦਰੁਸਤੀ ਲਈ ਸਾਨੂੰ ਇਨ੍ਹਾਂ ਦਾ ਲਾਭ ਮਿਲ ਸਕੇਗਾ | ਉਨ੍ਹਾਂ ਕਿਹਾ ਕਿ ਉਹ ਆਪਣੇ ਜੀਵਨ 'ਚ ਡਾਕਟਰੀ ਕਿੱਤੇ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੂੰ ਦੁਨੀਆ 'ਤੇ ਰੱਬ ਰੂਪ ਸਮਝਦੇ ਹਨ | ਉਨ੍ਹਾਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸ਼ੀਅਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸੁਨਿਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ, ਉਨ੍ਹਾਂ ਨੂੰ ਅਜਿਹੀ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਣ ਦੀ ਪ੍ਰੇਰਣਾ ਦਿੱਤੀ | ਇਸ ਮੌਕੇ ਵਿਦਿਆਰਥੀ ਕਲੱਬ ਦੇ ਮੁਖੀ ਮਾਹਿਰ, ਅਮਿਤ, ਪਿ੍ੰਸ, ਪਰਮਜੋਤ, ਤਿਸ਼ਾ, ਲਤਾ, ਅਰਨਵ, ਵਰਦਾਨ ਅਤੇ ਕਨਿਸ਼ਕ ਤੋਂ ਇਲਾਵਾ ਬਹੁਤ ਸਾਰੇ ਵਿਦਿਆਰਥੀ ਅਤੇ ਪਿਮਸ ਦਾ ਸਟਾਫ਼ ਹਾਜ਼ਰ ਸੀ |