ਨਕੋਦਰ, 12 ਜੂਨ (ਤਿਲਕ ਰਾਜ ਸ਼ਰਮਾ)-ਪਾਵਰਕਾਮ ਐਂਡ ਟਰਾਂਸਕੋ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਆਊਟਸੋਰਸ ਕਾਮਿਆਂ ਵਲੋਂ ਪੀ. ਐਸ. ਪੀ. ਸੀ. ਐਲ. ਨਕੋਦਰ ਆਊਟ ਲੈੱਟ ਦਫ਼ਤਰ ਮੂਹਰੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਗਿਆ | ਇਸ ਧਰਨੇ 'ਚ ਕਪੂਰਥਲਾ ਅਤੇ ਨਕੋਦਰ ਦੇ ਠੇਕੇ 'ਤੇ ਆਊਟਸੋਰਸ ਕਾਮੇ ਸਾਂਝੇ ਤੌਰ 'ਤੇ ਸ਼ਾਮਿਲ ਸਨ | ਧਰਨੇ ਤੋਂ ਪਹਿਲਾਂ ਇਨ੍ਹਾਂ ਕਾਮਿਆਂ ਨੇ ਰੋਸ ਮਾਰਚ ਵੀ ਕੱਢਿਆ | ਧਰਨਾਕਾਰੀਆਂ ਵਲੋਂ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਾਮਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਠੇਕੇਦਾਰੀ ਸਿਸਟਮ ਬੰਦ ਕਰ ਕੇ ਪੀ.ਐਸ.ਪੀ.ਸੀ.ਐਲ. ਮਹਿਕਮੇ 'ਚ ਲਿਆਂਦਾ ਜਾਵੇ | ਇਸ ਸੰਬੰਧ 'ਚ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ | ਉਨ੍ਹਾਂ ਕਿਹਾ ਕਿ ਕਾਮਿਆਂ ਦੀ ਮੰਗਾਂ ਪ੍ਰਵਾਨ ਹੋਣ ਤੱਕ ਅਤੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਲਵਪ੍ਰੀਤ, ਤੀਰਥ, ਨਕੁਲ, ਨਵਾਬ, ਅਨਮੋਲ, ਹਰਪ੍ਰੀਤ ਸਿੰਘ, ਸਮੀਰ ਭਾਰਗਵ, ਹਰੀ ਆਦਿ ਹਾਜ਼ਰ ਸਨ |