ਸ਼ਾਹਕੋਟ, 12 ਜੂਨ (ਸੁਖਦੀਪ ਸਿੰਘ)-ਸ਼ਾਹਕੋਟ ਦੇ ਨਜ਼ਦੀਕੀ ਪਿੰਡ ਪੂਨੀਆਂ ਕੋਲ ਸਤਲੁਜ ਦਰਿਆ 'ਚੋਂ ਨਜਾਇਜ਼ ਮਾਈਨਿੰਗ ਦੇ ਪਿੰਡ ਵਾਸੀਆਂ ਨੇ ਦੋਸ਼ ਲਗਾਏ ਹਨ | ਸਮਾਜ ਸੇਵਕ ਸੁਖਵਿੰਦਰ ਸਿੰਘ ਰਾਣਾ ਪਿੰਡ ਪੂਨੀਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਨਜ਼ਦੀਕ ਜੰਮੂ-ਕਟੜਾ ਹਾਈਵੇ ਬਣ ਰਿਹਾ ਹੈ, ਜਿਸ ਵਿਚ ਇੱਕ ਠੇਕੇਦਾਰ ਵਲੋਂ ਸਤਲੁਜ ਦਰਿਆ 'ਚੋਂ ਨਜਾਇਜ਼ ਮਾਈਨਿੰਗ ਕਰਕੇ ਮਿੱਟੀ ਰੋਡ 'ਤੇ ਪਾਏ ਜਾ ਰਹੀ ਹੈ, ਜੋ ਕਿ ਕਰੋੜਾਂ ਰੁਪਏ ਦੀ ਮਿੱਟੀ ਦਰਿਆ ਤੋਂ ਚੁੱਕੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਭ ਕੁੱਝ ਹੋ ਰਿਹਾ ਹੈ ਕਿਉਂਕਿ ਸ਼ਿਕਾਇਤਾਂ ਕਰਨ ਦੇ ਬਾਵਜੂਦ ਠੇਕੇਦਾਰ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ | ਦਰਿਆ 'ਚੋਂ ਮਿੱਟੀ ਚੁੱਕਣ ਕਾਰਨ ਬੰਨ੍ਹ ਕਮਜ਼ੋਰ ਹੋ ਰਹੇ ਹਨ, ਜਿਸ ਕਾਰਨ ਵੱਧ ਪਾਣੀ ਆਉਣ ਕਾਰਨ ਹੜ੍ਹਾ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ | ਇਸ ਹੋ ਰਹੇ ਵੱਡੇ ਘਪਲੇ ਬਾਰੇ ਅਧਿਕਾਰੀਆਂ ਨੂੰ ਕਈ ਦਰਖ਼ਾਸਤਾਂ ਦਿੱਤੀਆਂ | ਸੁਣਵਾਈ ਨਾ ਹੋਣ ਕਾਰਨ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਦਰਖ਼ਾਸਤ ਭੇਜੀ ਗਈ ਸੀ, ਜਿਸ ਵਿਚ ਉਨ੍ਹਾਂ ਜਾਂਚ ਦੇ ਹੁਕਮ ਤਾਂ ਦੇ ਦਿੱਤੇ ਹਨ, ਪਰ ਸਾਨੂੰ ਜਾਂਚ ਟੀਮ ਵੀ 'ਤੇ ਕੋਈ ਭਰੋਸਾ ਨਹੀਂ ਹੈ ਕਿਉਂਕਿ ਮਾਈਨਿੰਗ ਦਾ ਕੰਮ ਲਗਾਤਾਰ ਜਾਰੀ ਹੈ | ਠੇਕੇਦਾਰ ਵੱਲੋਂ ਜਲੰਧਰ, ਕਪੂਰਥਲਾ, ਅੰਮਿ੍ਤਸਰ ਰੋਡ ਲਈ ਸਾਫ਼ ਰੇਤਾ ਦੇ ਟਰੱਕ ਇਥੋਂ ਭੇਜੇ ਜਾ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਇਹ ਬਹੁਤ ਵੱਡਾ ਘਪਲਾ ਹੈ | ਸਾਰੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |