ਮਹਿਤਪੁਰ, 12 ਜੂਨ (ਲਖਵਿੰਦਰ ਸਿੰਘ)-ਨਕੋਦਰ ਤੋਂ ਮਹਿਤਪੁਰ ਬਾਈਪਾਸ ਵਾਲੀ ਸੜਕ ਦੀ ਖ਼ਸਤਾ ਹਾਲਤ ਕਾਰਨ ਰਾਹਗੀਰਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਵੇਖਦਿਆਂ ਸਰਕਾਰ ਨੇ ਇਸ ਸੜਕ ਨੂੰ ਕੰਕਰੀਟ ਨਾਲ ਬਣਾਉਣ ਲਈ 11 ਮਈ ਨੂੰ 30 ਦਿਨਾਂ ਲਈ ਇਸ ਸੜਕ ਨੂੰ ਬੰਦ ਕਰਨ ਦਾ ਫੈਸਲਾ ਕਰਕੇ ਸੜਕ ਦੀ ਮੁਰੰਮਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ | ਸਰਕਾਰ ਵਲੋਂ ਰਾਹਗੀਰਾਂ ਲਈ ਰੂਟ ਪਲਾਨ ਤਿਆਰ ਵੀ ਕੀਤਾ ਤਾਂ ਕਿ ਲੋਕਾਂ ਨੂੰ ਕੋਈ ਪ੍ਰੈਸਾਨੀ ਨਾ ਸਕੇ | ਹੁਣ ਇੱਕ ਮਹੀਨਾ ਬੀਤ ਜਾਣ ਤੇ ਵੀ 650 ਮੀਟਰ ਦਾ ਟੁਕੜਾ ਜਿਸ ਨੂੰ ਕੰਕਰੀਟ ਅਤੇ ਬਾਕੀ ਸੜਕ ਨੂੰ ਲੁੱਕ ਦੀ ਬਣਾਉਣਾ ਸੀ ਪ੍ਰੰਤੂ 31 ਦਿਨ ਬੀਤ ਜਾਣ ਤੋਂ ਬਾਅਦ ਵੀ ਠੇਕੇਦਾਰ ਵੱਲੋਂ ਮਹਿਜ 250 ਜਾ 300 ਮੀਟਰ ਸੜਕ ਦੇ ਇੱਕ ਪਾਸੇ ਤੇ ਹੀ ਕੰਕਰੀਟ ਪਾਈ ਗਈ ਹੈ ਜਿਸ ਨੂੰ ਲੈ ਕੇ ਰਾਹਗੀਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਵਲੋਂ ਜੋ ਸਮਾਂ ਦਿੱਤਾ ਗਿਆ ਸੀ ਉਸ ਤੋ ਵੀ ਉਪਰ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਸੜਕ ਦਾ ਕੰਮ ਪੂਰਾ ਨਹੀਂ ਹੋਇਆ ਦੇਖ ਕੇ ਲੱਗ ਰਿਹਾ ਕਿ ਜਿਸ ਰਫ਼ਤਾਰ ਨਾਲ ਸੜਕ ਦਾ ਕੰਮ ਕੀਤਾ ਜਾ ਰਿਹਾ ਹੈ |ਇਸ ਨੂੰ ਮੁਕੰਮਲ ਹੋਣ ਲਈ 2-3 ਮਹੀਨੇ ਲੱਗ ਸਕਦੇ ਹਨ | ਰੋਜ਼ਾਨਾ ਅੱਤ ਦੀ ਗਰਮੀ ਵਿੱਚ ਖੱਜਲ ਖੁਆਰ ਹੋ ਰਹੇ ਰਾਹਗੀਰਾਂ ਨੇ ਸਰਕਾਰ ਤੋਂ ਮੰਗ ਕੀਤੀ ਜੋ ਠੇਕੇਦਾਰ ਕੰਮ ਵਿੱਚ ਅਣਗਹਿਲੀ ਕਰਦੇ ਹਨ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਾ ਇਨਾਂ ਦਾ ਠੇਕਾ ਰੱਦ ਕੀਤਾ ਜਾਵੇ | ਸੜਕ ਬਣਨ ਦੀ ਰਫ਼ਤਾਰ ਹੋਲੀ ਹੋਣ ਕਾਰਨ ਲੋਕਾਂ ਨੂੰ ਪਿੰਡਾਂ ਜਾ ਸ਼ਹਿਰ ਦੀਆਂ ਤੰਗ ਸੜਕਾਂ ਤੋਂ ਆਪਣੇ ਵਾਹਨ ਲੈ ਕੇ ਜਾਣਾ ਪੈ ਰਿਹਾ ਹੈ ਜਿਸ ਕਾਰਨ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਵਿੱਚ ਟ੍ਰੈਫਿਕ ਦਾ ਬੋਝ ਵੱਧ ਗਿਆ ਹੈ ਅਤੇ ਅੱਤ ਦੀ ਗਰਮੀ ਵਿੱਚ ਲੋਕਾਂ ਨੂੰ ਰੋਜ਼ਾਨਾ ਜਾਮ ਵਿਚ ਖੜ੍ਹੇ ਹੋਣਾ ਪੈ ਰਿਹਾ ਹੈ | ਜਦੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਉਮੀਦ ਸੀ ਕਿ 30 ਦਿਨਾਂ ਵਿੱਚ ਸੜਕ ਬਣ ਕੇ ਤਿਆਰ ਹੋ ਜਾਵੇਗੀ ਤੇ ਟੋਇਆਂ ਤੋ ਰਾਹਤ ਮਿਲੇਗੀ ਪ੍ਰੰਤੂ ਹੁਣ ਰਾਹਗੀਰ ਜਦੋਂ ਕਛੂਐ ਦੀ ਚਾਲ ਚੱਲ ਰਹੇ ਸੜਕ ਦੇ ਕੰਮ ਨੂੰ ਵੇਖ ਦੇ ਠੇਕੇਦਾਰ ਅਤੇ ਪੰਜਾਬ ਸਰਕਾਰ ਨੂੰ ਕੋਸਦੇ ਨਜ਼ਰ ਆ ਰਹੇ ਹਨ | ਅੰਤ 'ਚ ਲੋਕਾਂ ਨੇ ਐੱਸ.ਡੀ.ਐੱਮ ਨਕੋਦਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਅਤੇ ਠੇਕੇਦਾਰ ਤਾੋ ਇਸ ਦਾ ਜਵਾਬ ਮੰਗਿਆ ਜਾਵੇ ਕਿ ਇਹ ਸੜਕ ਕਦੋਂ ਹੋਵੇਗੀ ਤਿਆਰ, ਲੋਕਾਂ ਨੂੰ ਹੋਰ ਕਿੰਨਾਂ ਸਮਾਂ ਹੋਣਾ ਪਵੇਗਾ ਖੱਜਲ ਖੁਆਰ |