ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਮਿਸ਼ਨ ਹਸਪਤਾਲ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਗੁਰਦੁਆਰਾ ਸਾਹਿਬ ਵਿਖੇ ਸ਼ਹੀਦਾਂ ਦੇ ਸਿਰਤਾਜ ਪੰੰਜਵੇਂ ਪਤਿਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੌਰਾਨ ਸੰਗਤ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਪ੍ਰੇਮ ਸਿੰਘ ਐਡਵੋਕੇਟ, ਵਾਈਸ ਚੇਅਰਮੈਨ ਸ. ਗੁਰਚਰਨ ਸਿੰਘ ਸਿਆਲ (ਸੀ.ਏ.) ਅਤੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇਜਾ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੌਰਾਨ ਭਾਈ ਪਰਮਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ) ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਭਾਈ ਪੁਖਰਾਜ ਸਿੰਘ (ਅੰਮ੍ਰਿਤਸਰ), ਬੀਬੀ ਬਲਜਿੰਦਰ ਕੌਰ (ਖਡੂਰ ਸਾਹਿਬ) ਅਤੇ ਭਾਈ ਮਨਿੰਦਰ ਸਿੰਘ ਦੇ ਜਥਿਆਂ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ। ਇਨ੍ਹਾਂ ਸਮਾਗਮਾਂ ਦੌਰਾਨ ‘ਅਜੀਤ ਪ੍ਰਕਾਸ਼ਨ ਸਮੂਹ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਜਲੰਧਰ ਦੇ ਮੇਅਰ ਵਿਨੀਤ ਧੀਰ, ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ, ਗੁਨਜੀਤ ਸਿੰਘ ਸਿਆਲ ਐਡਵੋਕੇਟ, ਹਰਪ੍ਰੀਤ ਸਿੰਘ, ਕੌਂਸਲਰ ਡਾ. ਜਸਲੀਨ ਕੌਰ ਸੇਠੀ ਅਤੇ ਹੋਰ ਪਤਵੰਤੇ ਗੁਰੂ ਚਰਨਾਂ ’ਚ ਨਤਮਸਤਕ ਹੋਏ। ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਡਾ. ਬਰਜਿੰਦਰ ਸਿੰਘ ਹਮਦਰਦ ਨੇ ਸ਼ਹੀਦੀ ਦਿਹਾੜੇ ਦੀ ਮਹੱਤਤਾ ਅਤੇ ਅਜਿਹੇ ਦਿਹਾੜੇ ਮਨਾਉਣ ਦੇ ਮੰਤਵ ’ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂਆਂ ਦੀ ਸਿਖਿਆ ’ਤੇ ਚਲਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਚਲਾਇਆ ਜਾ ਰਿਹਾ, ਜਿਸ ’ਚ ਖ਼ਾਸ ਕਰਕੇ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਹਰ ਵਰਗ ਦੇ ਲੋਕਾਂ ਨੂੰ ਕੇਵਲ 10 ਰੁਪਏ ਦੀ ਪਰਚੀ ਨਾਲ ਬਹੁਤ ਹੀ ਰਿਆਇਤੀ ਮੁੱਲ ’ਤੇ ਮਿਆਰੀ ਇਲਾਜ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਗੁਰਦੁਆਰਾ ਸਾਹਿਬ ਅਤੇ ਹਸਪਤਾਲ ਦੇ ਕਾਰਜਾਂ ਨੂੰ ਗੁਰੂ ਘਰ ਦੀ ਸੇਵਾ ਮੰਨ ਕੇ ਕਰ ਰਹੇ ਹਨ। ਡਾ. ਹਮਦਰਦ ਨੇ ਕਿਹਾ ਕਿ ਸੇਵਾ ਨਾਲ ਮਨ ਦੀ ਸੰਤੁਸ਼ਟ ਮਿਲਦੀ ਹੈ। ਉਨ੍ਹਾਂ ਦਸਿਆ ਕਿ ਪ੍ਰਬੰਧਕਾਂ ਵਲੋਂ ਟਾਂਡਾ ਵਿਖੇ ਇਕ ਸੀਨੀਅਰ ਸਕੈਂਡਰੀ ਸਕੂਲ ਵੀ ਚਲਾਇਆ ਜਾ ਰਿਹਾ ਹੈ, ਜਿੱਥੇ 900 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਡਾ. ਹਮਦਰਦ ਨੇ ਹਸਪਤਾਲ ਬਾਰੇ ਬੋਲਦੇ ਹੋਏ ਕਿਹਾ ਕਿ ਪਿੱਛਲੇ 45 ਸਾਲਾਂ ਤੋਂ ਟਰੱਸਟ ਵਲੋਂ ਚਲਾਏ ਜਾ ਰਹੇ ਇਸ ਬਹੁ-ਮੁਹਾਰਤਾਂ ਵਾਲੇ ਹਸਪਤਾਲ ਵਿਖੇ ਹੁਣ 250 ਬੈਡਾਂ ਦੀ ਸਹੂਲਤ ਹੈ ਅਤੇ ਰੋਜ਼ਾਨਾ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 600 ਤੋਂ ਵੱਧ ਮਰੀਜ਼ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਲੋਂ ਜੰਡੂਸਿੰਘ, ਰਾਮਾ ਮੰਡੀ, ਮਿੱਠਾਪੁਰ, ਮਕਸੂਦਾਂ ਅਤੇ ਟਾਂਡਾ ਵਿਖੇ ਡਿਸਪੈਂਸਰੀਆਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਦੇ ਮੁਫ਼ਤ ਕੈਂਪ ਲਗਾਏ ਜਾਂਦੇ ਹਨ ਅਤੇ ਵੱਡੀ ਗਿਣਤੀ ’ਚ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ। ਡਾ. ਹਮਦਰਦ ਨੇ ਦਸਿਆ ਕਿ ਹਸਪਤਾਲ ਵਲੋਂ ਸਾਲ 2022 ’ਚ 1 ਲੱਖ 99 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਜਾਂਚ ਅਤੇ 9 ਹਜ਼ਾਰ 600 ਤੋਂ ਵੱਧ ਮਰੀਜ਼ਾਂ ਨੂੰ ਦਾਖ਼ਲ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ, ਸਾਲ 2023 ’ਚ 2 ਲੱਖ, 9 ਹਜ਼ਾਰ ਦੇ ਕਰੀਬ ਮਰੀਜ਼ਾਂ ਦੀ ਜਾਂਚ ਅਤੇ 11 ਹਜ਼ਾਰ 600 ਤੋਂ ਵੱਧ ਮਰੀਜ਼ਾਂ ਨੂੰ ਦਾਖ਼ਲ ਕਰਕੇ ਇਲਾਜ ਕੀਤਾ ਗਿਆ, ਜਦਕਿ ਸਾਲ 2024 ’ਚ 2 ਲੱਖ 14 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਜਾਂਚ ਕਰਵਾਈ ਅਤੇ 11 ਹਜ਼ਾਰ 800 ਤੋਂ ਵੱਧ ਮਰੀਜ਼ਾਂ ਨੂੰ ਦਾਖ਼ਲ ਕਰਕੇ ਉਨ੍ਹਾਂ ਨੂੰ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ। ਡਾ. ਹਮਦਰਦ ਨੇ ਦੱਸਿਆ ਕਿ ਹੁਣ ਮਿੱਠਾਪੁਰ, ਜਲੰਧਰ ਵਿਖੇ 50 ਬੈਡਾਂ ਦੇ ਹਸਪਤਾਲ ਦੀ ਤਿਆਰੀ ਚੱਲ ਰਹੀ ਹੈ, ਜੋ ਕਿ ਆਉਂਦੇ ਕੁਝ ਮਹੀਨਿਆਂ ਅੰਦਰ ਪੂਰੀ ਹੋ ਜਾਵੇਗੀ। ਡਾ. ਹਮਦਰਦ ਨੇ ਮੇਅਰ ਵਿਨੀਤ ਧੀਰ ਅਤੇ ਨਿਤਿਨ ਕੋਹਲੀ ਦਾ ਵਿਸ਼ੇਸ਼ ਤੌਰ ’ਤੇ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਕਿਹਾ ਕਿ ਮਿੱਠਾਪੁਰ, ਜਲੰਧਰ ਵਿਖੇ ਬਣ ਰਹੇ ਹਸਪਤਾਲ ਦੀ ਸੰਪੂਰਨਤਾ ’ਚ ਇਨ੍ਹਾਂ ਦੋਨ੍ਹਾਂ ਸ਼ਖਸੀਅਤਾਂ ਵਲੋਂ ਪੂਰਾ ਯੋਗਦਾਨ ਪਾਇਆ ਗਿਆ ਹੈ, ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇਂ ਸਮੇਂ ’ਚ ਵੀ ਇਨ੍ਹਾਂ ਵਲੋਂ ਮਾਨਵਤਾ ਨੂੰ ਸਮਰਪਿਤ ਇਸ ਕਾਰਜਾਂ ’ਚ ਆਪਣਾ ਪੂਰਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਨੇ ਇਸ ਸੰਸਥਾ ਨੂੰ ਹਮੇਸਾਂ ਅੱਗੇ ਵਧਾਉਣ ਲਈ ਯਤਨਸ਼ੀਲ ਰਹੇ ਐਡਵੋਕੇਟ ਸ. ਪ੍ਰੇਮ ਸਿੰਘ ਅਤੇ ਸ. ਗੁਰਚਰਨ ਸਿੰਘ ਸਿਆਲ ਦੀ ਨਿਸ਼ਕਾਮ ਸੇਵਾ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਪਰਮਿੰਦਰ ਸਿੰਘ (ਜਨਰਲ ਮੈਨੇਜਰ), ਚਰਨਜੀਵ ਸਿੰਘ ਲਾਲੀ, ਦਵਿੰਦਰ ਪਾਲ ਸਿੰਘ ਸੈਣੀ, ਮਨਜੀਤ ਸਿੰਘ ਸੇਠੀ, ਅਮਰਜੀਤ ਸਿੰਘ ਬਜਾਜ, ਤਜਿੰਦਰ ਪਾਲ ਸਿੰਘ ਟੀਟੂ, ਦਲਜੀਤ ਸਿੰਘ ਬੇਦੀ, ਸੁਖਦੇਵ ਸਿੰਘ ਗਾਂਧੀ, ਸੰਦਪ ਸਿੰਘ ਬੰਨੀ, ਵਰਿੰਦਰ ਪਾਲ ਸਿੰਘ, ਤਜਿੰਦਰ ਸਿੰਘ ਚੁੱਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ ਰੋਨੀ ਅਤੇ ਹੋਰ ਹਾਜ਼ਰ ਸਨ।