‘ਬਾਪੂ ਤੇਰੇ ਕਰਕੇ ਮੈਂ ਪੈਰਾਂ ’ਤੇ ਖਲ੍ਹੋ ਗਿਆ...’
ਅਜੀਤ ਡੈਸਕ
21-06-2026
ਧੀਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਕਰਦੇ ਹਨ ਮੇਰੇ ਪਿਤਾ-ਦਿਵਾਂਸ਼ੀ ਭੱਲਾ
ਭੋਗਪੁਰ ਨਿਵਾਸੀ ਦਿਵਾਂਸ਼ੀ ਭੱਲਾ ਬੇਸ਼ੱਕ ਅਜੇ 9ਵੀਂ ਕਲਾਸ ’ਚ ਪੜ੍ਹਦੀ ਹੈ ਪਰ ਉਹ ਆਪਣੇ ਪਿਤਾ ਅਸ਼ਵਨ ਭੱਲਾ ਨੂੰ ਆਪਣਾ ਆਦਰਸ਼ ਮੰਨਦੀ ਹੈ। ਉਹ ਕਹਿੰਦੀ ਹੈ ਕਿ ਪ੍ਰਮਾਤਮਾ ਹਰ ਕਿਸੇ ਨੂੰ ਮੇਰੇ ਪਾਪਾ ਵਰਗਾ ਪਿਤਾ ਹੀ ਦੇਵੇ। ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਰਹੇ ਅਸ਼ਵਨ ਭੱਲਾ ਇਸ ਸਮੇਂ ਜ਼ਿਲ੍ਹਾ ਕਾਂਗਰਸ ’ਚ ਉੱਚ ਅਹੁਦੇ ’ਤੇ ਹਨ ਤੇ ਇਕ ਸਫਲ ਕਾਰੋਬਾਰੀ ਹਨ। ਉਨ੍ਹਾਂ ਦੀਆਂ ਦੋ ਬੇਟੀਆਂ ਦਿਵਾਂਸ਼ੀ ਭੱਲਾ ਤੇ ਪਨਵੀ ਭੱਲਾ ਹਨ। ਦਿਵਾਂਸ਼ੀ ਭੱਲਾ ਆਪਣੇ ਪਿਤਾ ਅਸ਼ਵਨ ਭੱਲਾ ਬਾਰੇ ਗੱਲ ਕਰਦੀ ਹੋਈ ਬਹੁਤ ਹੀ ਮਾਣ ਨਾਲ ਕਹਿੰਦੀ ਹੈ ਕਿ ‘ਪਾਪਾ ਨੇ ਕਦੇ ਵੀ ਉਨ੍ਹਾਂ ਨੂੰ ਧੀਆਂ’ ਨਹੀਂ ਸਮਝਿਆ ਤੇ ਪੁੱਤਰਾਂ ਵਾਂਗ ਪਰਵਰਿਸ਼ ਕੀਤੀ ਹੈ।’ ਉਨ੍ਹਾਂ ਦੀ ਕੋਈ ਵੀ ਅਜਿਹੀ ਖਾਹਿਸ਼ ਨਹੀਂ, ਜਿਸ ਨੂੰ ਉਨ੍ਹਾਂ ਝੱਟ ਦੇਣੀ ਪੂਰਾ ਨਾ ਕੀਤਾ ਹੋਵੇ। ਪਾਪਾ ਨੂੰ ਆਪਣਾ ਆਦਰਸ਼ ਦੱਸਦੀ ਹੋਈ ਦਿਵਾਂਸ਼ੀ ਕਹਿੰਦੀ ਹੈ ਕਿ ਪਾਪਾ ਨੇ ਕਦੇ ਵੀ ਉਨ੍ਹਾਂ ਨੂੰ ਲੜਕੀ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਤੇ ਲੜਕਿਆਂ ਵਾਂਗ ਹਰ ਖੇਤਰ ’ਚ ਅੱਗੇ ਵਧਣ ਦਾ ਮੌਕਾ ਦਿੱਤਾ। ਉਸ ਨੇ ਕਿਹਾ ਕਿ ਵੱਡੀ ਹੋ ਕੇ ਉਹ ਵੀ ਆਪਣੇ ਪਿਤਾ ਵਾਂਗ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ।