ਜਲੰਧਰ, 20 ਜੂਨ (ਜਸਪਾਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਸ਼ਹੀਦੀ ਜੋਡ਼ ਮੇਲੇ ਦੇ ਦੂਸਰੇ ਦਿਨ ਵੀ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਇਸ ਮੌਕੇ ਸ਼ਹੀਦੀ ਜੋਡ਼ ਮੇਲੇ ’ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜ ਰਹੀਆਂ ਹਨ। ਦੂਸਰੇ ਦਿਨ ਕਰਵਾਏ ਗਏ ਅਲੌਕਿਕ ਕੀਰਤਨ ਦਰਬਾਰ ’ਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਉੱਘੇ ਪੰਥਕ ਵਿਦਵਾਨ ਸ. ਤੀਰਥ ਸਿੰਘ ਢਿੱਲੋਂ ਤੇ ਹੋਰਨਾਂ ਪ੍ਰਮੁੱਖ ਸਿੱਖ ਚਿੰਤਕਾਂ ਨੇ ਨਿਭਾਈ। ਸਮੁੱਚੇ ਪ੍ਰਬੰਧਾਂ ਦੀ ਦੇਖ ਰਹੇ ਕਰ ਰਹੇ ਗੁਰਦੁਆਰਾ ਸਾਹਿਬ ਦੇ ਰਸੀਵਰ-ਕਮ-ਤਹਿਸੀਲਦਾਰ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਸ਼ਹੀਦੀ ਜੋਡ਼ ਮੇਲੇ ਦੇ ਦੂਸਰੇ ਦਿਨ ਵੀ ਜਿੱਥੇ ਧਾਰਮਿਕ ਸਮਾਗਮ ਕਰਵਾਏ ਗਏ, ਉੱਥੇ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਾਤਲ ਤੱਲ੍ਹਣ ਵਲੋਂ ਇਕ ਮੁਫਤ ਮੈਡੀਕਲ ਕੈਂਪ ਵੀ ਲਗਾਤਾਰ ਜਾਰੀ ਰਿਹਾ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਵੱਖ-ਵੱਖ ਕਿਸਮਾਂ ਦੇ ਟੈਸਟ ਕਰਵਾਏ ਅਤੇ ਮੁਫਤ ਦਵਾਈਆਂ ਲਈਆਂ। ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ ਤੱਕ ਇਕ ਵਿਸ਼ਾਲ ਢਾਡੀ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਤੇ ਵੀਰ ਰਸੀ ਵਾਰਾਂ ਨਾਲ ਨਿਹਾਲ ਕਰਨਗੇ। ਇਸ ਤੋਂ ਇਲਾਵਾ ਇਕ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਵਲੋਂ ਖੂਨਦਾਨ ਕਰਨਗੀਆਂ। ਇਸ ਮੌਕੇ ਸ਼ਹੀਦੀ ਜੋੜ ਮੇਲੇ ’ਚ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਕੀਰਤਨੀ ਜੱਥਿਆਂ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਬਲਜੀਤ ਸਿੰਘ ਦੀ ਅਗਵਾਈ ਹੇਠ ਸਮੁੱਚੀ ਪ੍ਰੰਬਧਕ ਕਮੇਟੀ ਮੈਂਬਰਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਦੀ ਸੇਵਾ ਲਈ ਲੰਗਰ ਤੇ ਛਬੀਲ ਵੀ ਲਗਾਈ ਗਈ।