ਜਲੰਧਰ, 24 ਜੂਨ (ਪਵਨ ਖਰਬੰਦਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਜੋ ਗੁਰੂ ਨਾਨਕ ਪੂਰਾ ਰੇਲਵੇ ਕਰਾਸਿੰਗ ’ਤੇ ਓਵਰ ਬ੍ਰਿਜ ਬਣਾਉਣ ਦਾ ਉਦਘਾਟਨ ਕੀਤਾ ਗਿਆ ਹੈ, ਇਹ ਓਵਰ ਬ੍ਰਿਜ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ 2018-2019 ਦੇ ਬਜਟ ਵਿੱਚ ਪਾਸ ਕਰ ਦਿੱਤਾ ਗਿਆ ਸੀ, ਉਸ ਤੋ ਬਾਅਦ ਕੋਰੋਨਾ ਮਹਾਮਾਰੀ ਜਿਹੀ ਨਾਮਕ ਸਮੱਸਿਆ ਆ ਗਈ, ਉਸ ਉਪਰੰਤ 2022 ਵਿੱਚ ਪੰਜਾਬ ਵਿੱਚ ਸਰਕਾਰ ਬਦਲ ਗਈ ਤੇ ਇਸ ਕੰਮ ਦੀ ਕਿਸੇ ਵਲੋ ਪੈਰਵਾਈ ਨਹੀ ਕੀਤੀ ਗਈ । ਪਰ ਹੁਣ ਵਿਧਾਨ ਸਭਾ ਚੋਣਾਂ ਨਜ਼ਦੀਕ ਦੇਖ ਕੇ ਕ੍ਰੈਡਿਟ ਲੈਣ ਲਈ ਅੱਜ ਭਾਜਪਾ ਵਲੋਂ ਇਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ , ਜਦਕਿ ਇਹ ਪਿਛਲੀ ਕਾਂਗਰਸ ਸਰਕਾਰ ਦੀ ਦੇਣ ਹੈ । ਰਜਿੰਦਰ ਬੇਰੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨਾਂ ਵਲੋ ਉਸ ਸਮੇਂ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬੇਨਤੀ ਕੀਤੀ ਗਈ ਸੀ ਕਿ ਜਲੰਧਰ ਸੈਂਟਰਲ ਹਲਕੇ ਦਾ ਸਭ ਜਿਆਦਾ ਭੀੜ ਵਾਲਾ ਜੇ ਰੇਲਵੇ ਕਰਾਸਿੰਗ ਹੈ ਤਾਂ ਉਹ ਗੁਰੂ ਨਾਨਕ ਪੂਰਾ ਰੇਲਵੇ ਕਰਾਸਿੰਗ ਹੈ, ਇਸ ਓਵਰ ਬ੍ਰਿਜ ਦੇ ਬਣਨ ਨਾਲ ਇਸ ਦੇ ਆਲੇ-ਦੁਆਲੇ ਦੇ ਮੁਹੱਲਾ ਨਿਵਾਸੀਆਂ ਅਤੇ ਕਲੋਨੀ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ । ਇਸ ਤਰਾਂ ਇਸ ਤੋ ਪਹਿਲਾ ਲੱਧੇਵਾਲੀ ਰੇਲਵੇ ਕਰਾਸਿੰਗ ਉਪਰ ਓਵਰ ਬ੍ਰਿਜ ਵੀ ਪਿਛਲੀ ਸਰਕਾਰ ਦੇ ਹੀ ਦੇਣ ਹੈ ।