ਜਲੰਧਰ, 24 ਜੂਨ (ਸ਼ਿਵ)- ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਮੁੱਖ ਮੰਤਰੀ ਦੀ ਕਥਿਤ ਇਤਰਾਜ਼ਯੋਗ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੇ ਉੱਠੇ ਵਿਵਾਦ ਵਿਚ ਮੁੱਖ ਮੰਤਰੀ ਵਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਖ਼ਿਲਾਫ਼ ਇਕੱਠੀਆਂ ਹੋਣ ਦੇ ਲਗਾਏ ਗਏ ਦੋਸ਼ਾਂ ਦੇ ਮਾਮਲੇ ਵਿਚ ਕਿਹਾ ਹੈ ਕਿ ਇਸ ਕਥਿਤ ਵੀਡੀਓ ਮਾਮਲੇ ਵਿਚ ਤਿਆਰ ਕੀਤੀ ਗਈ ਫੋਰੈਂਸਿਕ ਰਿਪੋਰਟਾਂ ਬਾਰੇ ਸਚਾਈ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਵਲੋਂ ਬੌਖਲਾਹਟ ਵਿਚ ਆ ਕੇ ਭਾਜਪਾ ਨੂੰ ਵੀ ਉਨ੍ਹਾਂ ਦੇ ਖ਼ਿਲਾਫ਼ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਕਿਸ ਤਰਾਂ ਨਾਲ ਕਾਂਗਰਸ ਨਾਲ ਮਿਲ ਸਕਦੀ ਹੈ ਜਿਸ ਨੇ ਦੰਗਿਆਂ ਦੇ ਮਾਮਲੇ ਵਿਚ ਕਾਂਗਰਸ ਦੇ ਕਈ ਮੰਤਰੀ ਜੇਲ੍ਹਾਂ ਵਿਚ ਡੱਕੇ ਹਨ। ਭਾਜਪਾ ਤਾਂ ਦੇਸ਼ ਨੂੰ ਕਾਂਗਰਸ ਮੁਕਤ ਬਣਾ ਰਹੀ ਹੈ ਸਗੋਂ ਕਾਂਗਰਸ ਤਾਂ ਅਗਲੇ ਸਾਲ ਵਿਧਾਨ ਸਭਾ ਚੋਣਾਂ ਵਿਚ ਵੀ ਗ਼ਾਇਬ ਹੋ ਜਾਵੇਗੀ। ਸ. ਬਿੱਟੂ ਅੱਜ ਜਲੰਧਰ ਵਿਚ 112 ਕਰੋੜ ਦੋ ਰੇਲਵੇ ਆਰ. ਓ. ਬੀ. ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਕ ਸਵਾਲ ਦੇ ਪੁੱਛੇ ਜਾਣ ’ਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨਾਂ ਨੇ ਰੇਲ ਰਾਜ ਮੰਤਰੀ ਦੇ ਤੌਰ ’ਤੇ ਪੰਜਾਬ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਅਸ਼ੀਰਵਾਦ ਨਾਲ ਕਈ ਅਹਿਮ ਪ੍ਰਾਜੈਕਟ ਲਿਆਂਦੇ ਗਏ ਹਨ। ਸੂਬੇ ਵਿਚ 1700 ਕਰੋੜ ਦੀ ਲਾਗਤ ਨਾਲ ਆਰ.ਓ. ਬੀ. ’ਤੇ ਅੰਡਰ ਪਾਸ ਬਣਾਉਣ ਦੇ ਕੰਮ ਕਰਵਾਏ ਜਾਣੇ ਹਨ। ਇਸ ਦੇ ਤਹਿਤ 96 ਆਰ. ਓ. ਬੀ. ਤੇ ਅੰਡਰ ਪਾਸ ਦਾ ਉਦਘਾਟਨ ਕੀਤਾ ਜਾਣਾ ਹੈ। ਜਿਨਾਂ ਵਿਚ 2 ਜਲੰਧਰ ਵਿਚ ਆਰ. ਓ. ਬੀ. ਦੇ ਨੀਂਹ ਪੱਥਰ ਰੱਖੇ ਗਏ ਹਨ। ਸ. ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੂਬੇ ਵਿਚ ਹਜ਼ਾਰਾਂ ਕਰੋੜਾਂ ਦੇ ਹਾਈਵੇ ਤੋਂ ਇਲਾਵਾ ਹਵਾਈ ਅੱਡਿਆਂ ਅਤੇ ਪੁਲਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ। ਕੇਂਦਰ ਵਲੋਂ ਫ਼ੰਡਾਂ ਵਿਚ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਰੱਖੀ ਜਾ ਰਹੀ ਹੈ ਸਗੋਂ ਸੂਬਾ ਸਰਕਾਰ ਨੂੰ ਇਸ ਮਾਮਲੇ ਵਿਚ ਇਹ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਇਨ੍ਹਾਂ ਵਿਚ ਕਿਸੇ ਤਰਾਂ ਦਾ ਕੋਈ ਰੁਕਾਵਟ ਨਾ ਆਵੇ ਸਗੋਂ ਸਾਰੇ ਪ੍ਰਾਜੈਕਟ ਸਮੇਂ ਸਿਰ ਪੂਰੇ ਹੋ ਸਕਣ। ਕੇਂਦਰੀ ਰੇਲ ਰਾਜ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਬਹੁਮਤ ਲੈ ਕੇ ਆਪਣੀ ਸਰਕਾਰ ਬਣਾਏਗੀ।