ਜਲੰਧਰ, 28 ਜੂਨ (ਜਤਿੰਦਰ ਪੰਮੀ)- ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੁਲ ਭਗਤ ਨੇ ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਦੇ 628ਵੇਂ ਪ੍ਰਕਾਸ਼ ਪੁਰਬ ਮੌਕੇ ਸਮੂਹ ਦੇਸ਼ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਦਿਲੋਂ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਨੇ ਆਪਣੇ ਸਮੂਹ ਜੀਵਨ ਦੌਰਾਨ ਮਨੁੱਖਤਾ, ਪ੍ਰੇਮ, ਸਮਾਨਤਾ, ਭਾਈਚਾਰੇ ਅਤੇ ਸੱਚ ਦਾ ਸੰਦੇਸ਼ ਦਿੱਤਾ। ਉਨ੍ਹਾਂ ਜਾਤ-ਪਾਤ, ਊਚ-ਨੀਚ, ਅੰਧਵਿਸ਼ਵਾਸ, ਆਡੰਬਰ ਅਤੇ ਸਮਾਜਿਕ ਕੁਰੀਤੀਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਸਮਾਜ ਨੂੰ ਏਕਤਾ, ਸਦਭਾਵਨਾ ਅਤੇ ਆਪਸੀ ਪਿਆਰ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੇ ਅਨਮੋਲ ਵਿਚਾਰ ਅੱਜ ਵੀ ਉਤਨੇ ਹੀ ਪ੍ਰਸੰਗਿਕ ਹਨ ਜਿੰਨੇ ਸਦੀਆਂ ਪਹਿਲਾਂ ਸਨ। ਅਤੁਲ ਭਗਤ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਸਾਰੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਦਿਖਾਏ ਹੋਏ ਮਾਰਗ ‘ਤੇ ਚੱਲਦਿਆਂ ਆਪਸੀ ਪਿਆਰ, ਭਾਈਚਾਰੇ ਅਤੇ ਸਮਾਜਿਕ ਸਾਂਝ ਨੂੰ ਹੋਰ ਮਜ਼ਬੂਤ ਕਰੀਏ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣਾ ਸਭ ਤੋਂ ਵੱਡਾ ਧਰਮ ਮੰਨੀਏ। ਕਬੀਰ ਸਾਹਿਬ ਜੀ ਦੀ ਬਾਣੀ ਸਾਨੂੰ ਸੱਚਾਈ, ਇਮਾਨਦਾਰੀ ਅਤੇ ਪਰਉਪਕਾਰ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ, ਜਿਸ ਨਾਲ ਇੱਕ ਮਜ਼ਬੂਤ, ਖੁਸ਼ਹਾਲ ਅਤੇ ਸਦਭਾਵਨਾ ਭਰਿਆ ਸਮਾਜ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਦੇ 628ਵੇਂ ਪ੍ਰਕਾਸ਼ ਪੁਰਬ ਮੌਕੇ ਅਸੀਂ ਸਾਰੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਪ੍ਰੇਮ, ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਲਈਏ।