ਜਲੰਧਰ ਛਾਉਣੀ, 1 ਜੁਲਾਈ (ਪਵਨ ਖਰਬੰਦਾ)-ਵੱਧ ਰਹੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਇਕ ਜੂਨ ਤੋਂ ਕੀਤੀ ਗਈਆਂ ਗਰਮੀਆਂ ਦੀਆਂ ਛੁੱਟੀਆਂ ਅੱਜ ਖਤਮ ਹੋਣ ਤੋਂ ਬਾਅਦ 1 ਜੁਲਾਈ ਨੂੰ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਸਕੂਲ ਖੋਲ ਦਿੱਤੇ ਗਏ ਹਨ ਤੇ ਇਸ ਦੇ ਨਾਲ ਹੀ ਕਈ ਨਿੱਜੀ ਸਕੂਲ ਵੀ ਪ੍ਰਬੰਧਕਾਂ ਵਲੋਂ ਖੋਲ੍ਹ ਦਿੱਤੇ ਗਏ ਹਨ। ਅੱਤ ਦੀ ਗਰਮੀ ਦੇ ਬਾਵਜੂਦ ਅੱਜ ਜ਼ਿਲ੍ਹੇ ਦੇ ਕਈ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਤੇ ਨਿੱਜੀ ਸਕੂਲਾਂ ’ਚ ਵੀ ਵਿਦਿਆਰਥੀਆਂ ਦੀ ਗਿਣਤੀ ਕੁਝ ਖਾਸ ਨਜ਼ਰ ਨਹੀਂ ਆਈ। ਇੱਥੇ ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਗਰਮੀ ਅਤੇ ਹੁਮਸ ਵੱਧਣ ਕਾਰਨ ਬਾਜ਼ਾਰ ਅਤੇ ਸੜਕਾਂ ਸੁਨਸਾਨ ਹੋਈਆਂ ਪਈਆਂ ਹਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਲੋਕਾਂ ਨੂੰ ਗਰਮੀ ਤੋਂ ਬਚੇ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਉਸ ਦੇ ਬਾਵਜੂਦ ਸਰਕਾਰ ਵਲੋਂ ਸਕੂਲ ਖੋਲ੍ਹਣ ਸੰਬੰਧੀ ਲਿਆ ਗਿਆ ਫੈਸਲਾ ਅਜੀਬ ਲੱਗ ਰਿਹਾ ਹੈ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਕੂਲ ਖੋਲ੍ਹਣ ਸੰਬੰਧੀ ਲਈ ਗਏ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ।