ਦਸਮੇਸ਼ ਨਗਰ ਦੇ ਗਰੌਸਰੀ ਸਟੋਰ ’ਚੋਂ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ
ਅਜੀਤ ਡੈਸਕ
02-07-2026
ਜਲੰਧਰ, 1 ਜੁਲਾਈ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਮੁਹੱਲਾ ਦਸਮੇਸ਼ ਨਗਰ ਵਿਖੇ ਗਰੌਸਰੀ ਸਟੋਰ ਤੋਂ ਚੋਰਾਂ ਨੇ ਤਾਲੇ ਤੋੜ ਕੇ ਅੰਦਰੋਂ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਚੋਰੀ ਦੀ ਇਹ ਵਾਰਦਾਤ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਪੀੜਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਰੌਸਰੀ ਸਟੋਰ ਦੇ ਮਾਲਕ ਯਸ਼ ਨੇ ਦੱਸਿਆ ਕਿ ਉਨ੍ਹਾਂ ਦਾ ਸਟੋਰ ਘਰ ਦੇ ਬਿਲਕੁਲ ਸਾਹਮਣੇ ਸਥਿਤ ਹੈ। ਬੁੱਧਵਾਰ ਸਵੇਰੇ 6.15 ਵਜੇ ਜਦੋਂ ਉਸ ਦੇ ਪਿਤਾ ਤੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਜਦੋਂ ਚੰਗੀ ਤਰ੍ਹਾਂ ਦੇਖਿਆ ਤਾਂ ਗੱਲ੍ਹੇ ’ਚੋਂ ਕਰੀਬ 40 ਹਜ਼ਾਰ ਰੁਪਏ ਦੀ ਨਕਦੀ, ਰੈੱਡ ਬੁੱਲ ਦੇ ਕੈਨ ਅਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ। ਯਸ਼ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਤਿੰਨ ਚੋਰ ਅੱਧੀ ਰਾਤ ਤੋਂ ਬਾਅਦ ਕਰੀਬ 2.30 ਵਜੇ ਮੋਟਰਸਾਈਕਲ ’ਤੇ ਆਏ। ਉਨ੍ਹਾਂ ਵਿੱਚੋਂ ਇਕ ਸਟੋਰ ਦੇ ਬਾਹਰ ਖੜ੍ਹਾ ਰਿਹਾ ਅਤੇ ਦੋ ਸਟੋਰ ਦੇ ਨਾਲ ਲੱਗਦੇ ਉਨ੍ਹਾਂ ਦੇ ਪੁਰਾਣੇ ਘਰ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਘਰ ’ਚ ਦਾਖਲ ਹੋਏ। ਉਥੋਂ ਸਟੋਰ ਨੂੰ ਲਾਇਆ ਲੱਕੜ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਸਾਮਾਨ ਚੋਰੀ ਕੀਤਾ। ਯਸ਼ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿੱਤੀ ਪਰ ਤਿੰਨ-ਚਾਰ ਵਾਰ ਫੋਨ ਕਰਨ ਤੋਂ ਬਾਅਦ ਕਰੀਬ ਇਕ ਘੰਟੇ ਬਾਅਦ ਪੁਲਿਸ ਮੁਲਾਜ਼ਮ ਆਏ। ਸਟੋਰ ਮਾਲਕ ਨੇ ਕਿਹਾ ਕਿ ਉਨ੍ਹਾਂ ਦਾ ਨਕਦੀ ਸਮੇਤ 60-70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਓਧਰ ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁੱਜੇ ਥਾਣਾ ਭਾਰਗੋ ਕੈਂਪ ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 112 ਤੋਂ ਸੂਚਨਾ ਮਿਲੀ ਸੀ ਕਿ ਯਸ਼ ਗਰੌਸਰੀ ਸਟੋਰ ’ਚ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਚੋਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।