ਜਲੰਧਰ, 1 ਜੁਲਾਈ (ਸ਼ਿਵ)-ਕਹਿਰ ਦੀ ਗਰਮੀ ਕਾਰਨ ਸ਼ਹਿਰ ਵਿਚ ਅਜੇ ਵੀ ਬਿਜਲੀ ਦੀ ਜ਼ਿਆਦਾ ਮੰਗ ਚੱਲ ਰਹੀ ਹੈ। ਝੋਨੇ ਦੀ ਬਿਜਾਈ ਕਾਰਨ ਹੀ ਬਿਜਲੀ ਦੀ ਮੰਗ ਇਸ ਵੇਲੇ ਜਲੰਧਰ ਵਿਚ 900 ਮੈਗਾਵਾਟ ਤੋਂ ਜ਼ਿਆਦਾ ਮੰਗ ਵਧ ਗਈ ਹੈ। ਆਮ ਦਿਨਾਂ ਵਿਚ ਜਲੰਧਰ ਵਿਚ ਬਿਜਲੀ ਦੀ ਮੰਗ 500 ਮੈਗਾਵਾਟ ਦੇ ਕਰੀਬ ਹੀ ਰਹਿੰਦੀ ਸੀ ਜਦਕਿ ਹੁਣ ਕਹਿਰ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਲਗਾਤਾਰ ਬਣੀ ਹੋਈ ਹੈ। ਇਸ ਕਰਕੇ ਹੀ ਬਿਜਲੀ ਲਾਈਨਾਂ ਵਿਚ ਖ਼ਰਾਬੀ ਪੈਦਾ ਹੋ ਰਹੀ ਹੈ। ਤਾਪਮਾਨ ਵਧਣ ਕਾਰਨ ਕਈ ਥਾਵਾਂ ’ਤੇ ਫ਼ਿਊਜ਼ ਉੱਡ ਰਹੇ ਹਨ ਅਤੇ ਟਰਾਂਸਫ਼ਾਰਮਰਾਂ ਨੂੰ ਨੁਕਸਾਨ ਹੋ ਰਿਹਾ ਹੈ। ਅਰਬਨ ਅਸਟੇਟ ਫ਼ੇਜ਼2 ਵਸੰਤ ਵਿਹਾਰ ਨਿਵਾਸੀ ਮਾਧਵ ਧੀਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਾਂ ਦੇ ਇਲਾਕੇ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਰੋਜ਼ਾਨਾ ਲਗਭਗ 5–5 ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ। ਇਸ ਕਾਰਨ ਘਰਾਂ ਦੇ ਸਾਰੇ ਸਵੇਰ ਦੇ ਜ਼ਰੂਰੀ ਕੰਮ ਪ੍ਰਭਾਵਿਤ ਹੋ ਰਹੇ ਹਨ। ਬੱਚਿਆਂ ਦੀ ਪੜ੍ਹਾਈ ਦਫ਼ਤਰ ਜਾਣ ਵਾਲੇ ਲੋਕਾਂ ਦੀ ਰੁਟੀਨ ਅਤੇ ਬਜ਼ੁਰਗਾਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਧਵ ਧੀਰ ਦਾ ਕਹਿਣਾ ਸੀ ਕਿ ਬਾਰ-ਬਾਰ ਬਿਜਲੀ ਬੰਦ ਹੋਣ ਨਾਲ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਇਲਾਵਾ ਅੱਜ ਟਾਂਡਾ ਰੋਡ ’ਤੇ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਕਈ -ਕਈ ਇਲਾਕਿਆਂ ਵਿਚ ਬਿਜਲੀ ਦੇ ਬਾਰ-ਬਾਰ ਬੰਦ ਹੋਣ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਪਾਵਰ ਕਾਮ ਕੋਲ ਬਿਜਲੀ ਦੀ ਮੰਗ ਪੂਰੀ ਕਰਨੀ ਔਖੀ ਹੋ ਰਹੀ ਹੈ ਤੇ ਬਿਜਲੀ ਕਮੀ ਕਾਰਨ ਹੀ ਅਣਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।