ਜਲੰਧਰ, 3 ਜੁਲਾਈ (ਜਸਪਾਲ ਸਿੰਘ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਸ, ਸ਼ਾਹਪੁਰ ਕੈਂਪਸ ਵਿਖੇ ‘ਮੰਟੋ ਦੇ ਅਫਸਾਨੇ’ ਨਾਮਕ ਇੱਕ ਪ੍ਰਭਾਵਸ਼ਾਲੀ ਨਾਟਕ ਖੇਡਿਆ। ਇਹ ਨਾਟਕ ਮਸਤਾਨੇ ਥੀਏਟਰ ਗਰੁੱਪ ਵਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਮਸ਼ਹੂਰ ਲੇਖਕ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਨੂੰ ਮੰਚ ’ਤੇ ਦਰਸਾਇਆ। ਮੰਟੋ ਨੂੰ ਭਾਰਤੀ ਉਪਮਹਾਂਦੀਪ ਦੇ ਸਭ ਤੋਂ ਵੱਡੇ ਲੇਖਕਾਂ ਵਿਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਵੰਡ ਦੇ ਸਮੇਂ ਦੀਆਂ ਸੱਚਾਈਆਂ ਨੂੰ ਨਿਡਰਤਾ ਨਾਲ ਲਿਖਿਆ ਅਤੇ ਨਫ਼ਰਤ, ਹਿੰਸਾ, ਬੇਸਹਾਰਾ ਤੇ ਇਨਸਾਨੀਅਤ ਦੇ ਘਟਦੇ ਮੁੱਲਾਂ ਨੂੰ ਬੇਨਕਾਬ ਕੀਤਾ। ‘ਮੰਟੋ ਦੇ ਅਫਸਾਨੇ’ ਰਾਹੀਂ ਇਹ ਵਿਚਾਰ ਮੁੜ ਦਰਸ਼ਕਾਂ ਦੇ ਸਾਹਮਣੇ ਲਿਆਂਦਾ। ਥੀਏਟਰ ਸਿਰਫ਼ ਮਨੋਰੰਜਨ ਨਹੀਂ, ਸਗੋਂ ਇਹ ਸੋਚ ਨੂੰ ਜਗਾਉਣ ਤੇ ਸਮਾਜ ਵਿਚ ਬਦਲਾਅ ਲਿਆਉਣ ਦਾ ਸਾਧਨ ਹੈ । ਇਸ ਨਾਟਕ ਦਾ ਨਿਰਦੇਸ਼ਨ ਅਕਸ ਮਹਿਰਾਜ ਤੇ ਸੋਨੀ ਢਿੱਲੋਂ ਨੇ ਕੀਤਾ ਹੈ। ਇਸ ਵਿਚ ਜਸਪ੍ਰੀਤ ਕੌਰ, ਅਮਨਦੀਪ ਕੌਰ, ਸੁਖਜੀਤ ਕੌਰ, ਫਿਰਦੌਸ ਯਾਸਮੀਨ, ਪਰਨੀਤ ਕੌਰ, ਪੁਨੀਤ ਕੌਰ, ਰਮਨਜੋਤ ਕੌਰ, ਕਾਬਿਲ, ਦਿਲਵਰਜੋਤ ਸਿੰਘ, ਰੋਹਿਤ ਆਦਿ ਕਲਾਕਾਰ ਸ਼ਾਮਿਲ ਸਨ । ਸੰਗੀਤ ਅਮਨਦੀਪ ਨੇ ਦਿੱਤਾ, ਪਹਿਰਾਵੇ ਲਈ ਬੰਸੀ ਕੌਰ ਤੇ ਮੋਂਗਾ ਜਨਰਲ ਸਟੋਰ ਦਾ ਯੋਗਦਾਨ ਅਤੇ ਮੇਕਅਪ ਸਿਮਰਨ ਗਿੱਲ ਦੁਆਰਾ ਕੀਤਾ। ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. (ਡਾ.) ਮਨਬੀਰ ਸਿੰਘ ਨੇ ਕਿਹਾ ਕਿ ਮੰਟੋ ਦੀ ਸਭ ਤੋਂ ਵੱਡੀ ਖਾਸੀਅਤ ਸੱਚ ਬੋਲਣ ਦੀ ਹਿੰਮਤ ਅਤੇ ਮਨੁੱਖਤਾ ’ਤੇ ਵਿਸ਼ਵਾਸ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਇਸ ਤਰ੍ਹਾਂ ਦੇ ਸਾਹਿਤ ਨਾਲ ਜੁੜਣ। ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਥੀਏਟਰ ਰਾਹੀਂ ਇਤਿਹਾਸ ਤੇ ਸਾਹਿਤ ਨੂੰ ਜਿਊਂਦਾ ਰੱਖਿਆ ਜਾ ਸਕਦਾ ਹੈ।