ਸ਼ਾਹਕੋਟ, 3 ਜੁਲਾਈ (ਸੁਖਦੀਪ ਸਿੰਘ)-ਗਾਇਕਾ ਰੀਤੂ ਮੀਰ ਤੇ ਗਾਇਕ ਮੰਗੀ ਖਾਨ ਵਲੋਂ ਦਰਬਾਰ ਬਾਬਾ ਕੁੱਲੇ ਵਾਲੀ ਸਰਕਾਰ ਦਰਵੇਸ਼ ਪਿੰਡ ਦੇ ਗੱਦੀ ਨਸ਼ੀਨ ਬਾਬਾ ਸੋਮਨਾਥ ਸਿੱਧੂ ਖ਼ਿਲਾਫ਼ ਵਰਤੀ ਗਲਤ ਸ਼ਬਦਾਵਲੀ ਦੇ ਰੋਸ ਵਜੋਂ ਡਾ. ਬੀ. ਆਰ. ਅੰਬੇਡਕਰ ਆਰਮੀ ਪੰਜਾਬ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਨੌਜਵਾਨਾਂ ਵਲੋਂ ਸ਼ਾਹਕੋਟ ਸ਼ਹਿਰ ਵਿਚ ਰੋਸ ਪ੍ਰਗਟ ਕਰਨ ਉਪਰੰਤ ਬੱਸ ਅੱਡੇ ਨੇੜੇ ਗਾਇਕਾ ਰੀਤੂ ਮੀਰ ਤੇ ਗਾਇਕ ਮੰਗੀ ਖਾਨ ਦਾ ਪੁਤਲਾ ਫੂਕਿਆ। ਪ੍ਰਧਾਨ ਕੁਲਵੰਤ ਸਿੰਘ ਕੰਤਾ ਨੇ ਕਿਹਾ ਕਿ ਬਾਬਾ ਮੁਨਸ਼ਾ ਦਾਸ ਤੇ ਉਨ੍ਹਾਂ ਦੇ ਸਪੁੱਤਰ ਬਾਬਾ ਸੋਮਨਾਥ ਸਿੱਧੂ ਸਾਡੇ ਬਹੁਤ ਹੀ ਸਤਿਕਾਰਯੋਗ ਹਨ, ਜਿਨ੍ਹਾਂ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵੀ ਸੰਗਤਾਂ ਵਲੋਂ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਜਦੋਂ ਗਾਇਕਾ ਰੀਤੂ ਮੀਰ ਤੇ ਗਾਇਕ ਮੰਗੀ ਖਾਨ ਵਲੋਂ ਕਲਾਮ ਗਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਬਾਬਾ ਸੋਮਨਾਥ ਸਿੱਧੂ ਨੂੰ ਉਸ ਵਿਚ ਕੁਝ ਸ਼ਬਦ ਠੀਕ ਨਹੀਂ ਲੱਗੇ, ਜਿਸ ਕਾਰਨ ਉਨ੍ਹਾਂ ਵਲੋਂ ਦੋਵਾਂ ਗਾਇਕਾਂ ਨੂੰ ਕਲਾਮ ਗਾਉਣ ਤੋਂ ਰੋਕਿਆ ਗਿਆ। ਜਿਸ ਤੋਂ ਬਾਅਦ ਗਾਇਕਾਂ ਵਲੋਂ ਬਾਬਾ ਸੋਮਨਾਥ ਸਿੱਧੂ ਖ਼ਿਲਾਫ਼ ਗ਼ਲਤ ਬੋਲ ਬੋਲੇ ਗਏ, ਜੋ ਕਿ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਗਾਇਕਾਂ ਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ ਕਿ ਉਹ ਸਟੇਜਾਂ ‘ਤੇ ਗਾ ਸਕਣ, ਪਰ ਹੁਣ ਉਹ ਫੱਕਰ-ਫਕੀਰਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾ ਰਹੇ ਹਨ। ਜੇਕਰ ਤਿੰਨ ਦਿਨਾਂ ਦੇ ਅੰਦਰ ਗਾਇਕਾਂ ਨੇ ਦਰਬਾਰ ਬਾਬਾ ਕੁੱਲੇ ਵਾਲੀ ਸਰਕਾਰ, ਫਗਵਾੜਾ ਰੋਡ, ਦਰਵੇਸ਼ ਪਿੰਡ ਜਾ ਕੇ ਮੁਆਫ਼ੀ ਨਾ ਮੰਗੀ ਤਾਂ ਡਾ. ਬੀ. ਆਰ. ਅੰਬੇਡਕਰ ਆਰਮੀ ਪੰਜਾਬ ਵਲੋਂ ਉਨ੍ਹਾਂ ਦੇ ਜਿੱਥੇ-ਜਿੱਥੇ ਵੀ ਪ੍ਰੋਗਰਾਮ ਹੋਣਗੇ, ਉਥੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਦੋਵਾਂ ਗਾਇਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੰਗਾ ਨਾਹਰ ਢੇਰੀਆਂ, ਜੱਸਾ ਕਾਂਗਣਾ, ਰਾਜਨ ਮੀਏਂਵਾਲ, ਸੰਦੀਪ ਉਧੋਵਾਲ, ਰਾਜ ਕੁਮਾਰ ਰਾਜੂ ਸਾਬਕਾ ਐਮ. ਸੀ., ਕਪਿਲ ਚੋਪੜਾ, ਰਾਜਾ ਗੇਹਲੜਾਂ, ਜੱਸਾ ਤਲੌੜੀ ਮੁਹੱਲਾ, ਲਵ ਢੇਰੀਆਂ, ਬਿੱਲਾ ਪਹਿਲਵਾਨ, ਲਵ ਪ੍ਰਧਾਨ, ਮੰਗਾ ਘਈ ਠੇਕੇਦਾਰ, ਚਰਨਜੀਤ ਸਲੈਚਾਂ, ਸੁੱਖਾ ਜੱਟ ਮੋਹਰੀਵਾਲ, ਦਿਆਲਾ ਗਿੱਲ, ਸਾਬੀ ਗਿੱਲ ਢੇਰੀਆਂ, ਜੈ, ਰਵੀ ਸਹੋਤਾ, ਕਾਕਾ ਐਂਕਰ, ਸੁੱਖਾ ਤਲਵੰਡੀ, ਪੰਕਜ ਚੋਪੜਾ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।