ਸ਼ਾਹਕੋਟ, 3 ਜੁਲਾਈ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਪੰਜਾਬ ਸਰਕਾਰ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ 8 ਜੁਲਾਈ ਤੋਂ ਪੰਜਾਬ ਭਰ ਦੀਆਂ ਨਗਰ ਪੰਚਾਇਤਾਂ, ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੇ ਸਫਾਈ ਸੇਵਕਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਸ਼ਾਹਕੋਟ, ਮਹਿਤਪੁਰ ਤੇ ਲੋਹੀਆਂ ਖਾਸ ਦੀਆਂ ਇਕਾਈਆਂ ਦੇ ਸਫਾਈ ਸੇਵਕਾਂ ਦੀ ਸਾਂਝੀ ਮੀਟਿੰਗ ਯੂਨੀਅਨ ਦੇ ਆਗੂ ਸੰਦੀਪ ਸਿੰਘ ਨਾਗਪਾਲ, ਓਮ ਪ੍ਰਕਾਸ਼ ਮਹਿਤਪੁਰੀ ਤੇ ਸੁਨੀਲ ਕੁਮਾਰ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 8 ਜੁਲਾਈ ਦੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਤਿੰਨਾਂ ਸ਼ਹਿਰਾਂ ’ਚ ਰੋਸ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਲੋਕਾਂ ਨੂੰ ਸਰਕਾਰ ਵਲੋਂ ਕੀਤੇ ਵਾਅਦਿਆਂ ਤੋਂ ਮੁੱਕਰਨ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਆਗੂ ਸੁਭਾਸ਼ ਵਾਲਮੀਕਿ ਨੇ ਕਿਹਾ ਕਿ 16 ਦਿਨਾਂ ਤੱਕ ਚੱਲੀ ਸਫਾਈ ਸੇਵਕਾਂ ਦੀ ਹੜਤਾਲ ਦੇ ਦਬਾਅ ਹੇਠ ਸਰਕਾਰ ਨੇ ਤਨਖ਼ਾਹਾਂ ’ਚ ਮਾਮੂਲੀ ਵਾਧਾ ਤਾਂ ਕੀਤਾ ਸੀ, ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਤਨਖ਼ਾਹਾਂ ’ਚ ਤਰਕਸੰਗਤ ਵਾਧਾ ਕਰਨ ਤੇ ਹੋਰ ਅਹਿਮ ਮੰਗਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਬਜਾਏ ਸਿਰਫ਼ ਭਰੋਸੇ ਦੇ ਕੇ ਸਮਾਂ ਲੰਘਾਇਆ ਜਾ ਰਿਹਾ ਹੈ। ਸਰਕਾਰ ਦੀ “ਪਾੜੋ ਤੇ ਰਾਜ ਕਰੋ” ਦੀ ਨੀਤੀ ਨੂੰ ਸਫਾਈ ਸੇਵਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਲੋਕਾਂ ਨੂੰ ਵੀ ਇਸ ਸੰਘਰਸ਼ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਮਲ ਕਿਸ਼ੋਰ, ਲਛਮਣ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ, ਮੰਗਤ ਰਾਮ, ਰਾਹੁਲ, ਸੁਰੇਸ਼ ਕੁਮਾਰ ਸਮੇਤ ਹੋਰ ਯੂਨੀਅਨ ਆਗੂ ਤੇ ਸਫਾਈ ਸੇਵਕ ਹਾਜ਼ਰ ਸਨ।