ਜਲੰਧਰ, 4 ਜੁਲਾਈ (ਜਤਿੰਦਰ ਪੰਮੀ)-ਥਾਣਾ ਡਵੀਜ਼ਨ ਨੰਬਰ ਪੰਜ ਅਧੀਨ ਪੈਂਦੇ ਮੁਹੱਲਾ ਗੁਰੂ ਸੰਤ ਨਗਰ ’ਚ ਇਕ ਘਰ ’ਤੇ ਕੁਝ ਨੌਜਵਾਨਾਂ ਨੇ ਪਿਛਲੇ ਦੋ ਦਿਨਾਂ ਦੌਰਾਨ ਲਗਾਤਾਰ ਤਿੰਨ ਵਾਰ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਅੰਦਰ ਵੜ ਕੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ, ਜਿਸ ਦੌਰਾਨ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ ਇੱਟਾਂ-ਰੋੜੇ ਵੀ ਵਰ੍ਹਾਏ ਗਏ। ਪੀੜਤ ਪਰਿਵਾਰ ’ਚ ਪੁਲਿਸ ਪ੍ਰਤੀ ਵੀ ਰੋਸ ਪਾਇਆ ਜਾ ਰਿਹਾ ਹੈ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਹਮਲਾਵਰਾਂ ਨੇ ਤਿੰਨ ਵਾਰ ਹਮਲਾ ਕੀਤਾ। ਇਸ ਸੰਬੰਧੀ ਪੀੜਤ ਸੁਨੀਲ ਨੇ ਦੱਸਿਆ ਕਿ ਉਸ ਦਾ ਸਾਹਿਲ ਨਾਂਅ ਦੇ ਨੌਜਵਾਨ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸ ਦੌਰਾਨ ਉਸ ਨੇ ਸਾਹਿਲ ਨੂੰ 40,000 ਰੁਪਏ ਵਾਪਸ ਕਰ ਦਿੱਤੇ ਸਨ ਤੇ 20,000 ਰੁਪਏ ਬਾਕੀ ਰਹਿੰਦੇ ਸਨ। ਉਹ ਰਕਮ ਉਸ ਨੇ ਸ਼ੁੱਕਰਵਾਰ ਨੂੰ ਦੇਣ ਦਾ ਭਰੋਸਾ ਦਿੱਤਾ ਸੀ। ਸੁਨੀਲ ਨੇ ਦੱਸਿਆ ਕਿ ਉਸ ਨੇ ਇਹ ਰਾਸ਼ੀ ਸਾਹਿਲ ਵਲੋਂ ਘਰ ਖਰੀਦਣ ਲਈ ਰਜਿਸਟਰੀ ਕਰਵਾਉਣ ਵਾਸਤੇ ਦਿੱਤੀ ਗਈ ਸੀ ਪਰ ਬਾਅਦ ਸਾਹਿਲ ਨੇ ਇਹ ਕਹਿ ਕੇ ਰਾਸ਼ੀ ਵਾਪਸ ਮੰਗ ਲਈ ਕਿ ਉਸ ਦੇ ਪਰਿਵਾਰ ਨੂੰ ਉਕਤ ਘਰ ਪਸੰਦ ਨਹੀਂ ਹੈ। ਪੀੜਤ ਨੇ ਦੱਸਿਆ ਕਿ ਵੀਰਵਾਰ ਨੂੰ 2-3 ਔਰਤਾਂ ਉਨ੍ਹਾਂ ਦੇ ਘਰ ਆਈਆਂ ਤੇ ਕਿਹਾ ਕਿ ਪੈਸੇ ਸ਼ੁੱਕਰਵਾਰ ਨੂੰ ਦੇ ਦੇਣਾ ਪਰ ਓਨੀ ਦੇਰ ਤੁਹਾਡਾ ਸਾਮਾਨ ਲੈ ਜਾਂਦੇ ਹਾਂ। ਉਕਤ ਔਰਤਾਂ ਉਨ੍ਹਾਂ ਦੇ ਘਰੋਂ ਫਰਿੱਜ ਤੇ ਕੂਲਰ ਚੁੱਕਣ ਲੱਗ ਪਈਆਂ, ਜਿਸ ਕਾਰਨ ਝਗੜਾ ਹੋ ਗਿਆ। ਉਸੇ ਰਾਤ ਨੂੰ ਕੁਝ ਨੌਜਵਾਨ ਉਨ੍ਹਾਂ ਦੇ ਘਰ ਆਏ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੇ ਥਾਣੇ ’ਚ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਘਰ ਭੇਜ ਦਿੱਤਾ। ਸੁਨੀਲ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਫਿਰ 7-8 ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਆਏ ’ਤੇ ਹਮਲਾ ਕਰ ਦਿੱਤਾ। ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਪਰ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਪੁੱਜਾ। ਇਸ ਦੌਰਾਨ ਇੱਟਾਂ-ਰੋੜੇ ਵੀ ਵਰ੍ਹਾਏ ਗਏ, ਜਿਸ ਦੀਆਂ ਉਨ੍ਹਾਂ ਕੋਲ ਵੀਡੀਓ ਮੌਜੂਦ ਹਨ। ਪੀੜਤਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਸੰਬੰਧੀ ਥਾਣਾ ਮੁਖੀ ਯਾਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।