01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੁਲਿਸ ਨੇ ਰਾਤ ਪੈਂਦਿਆਂ ਹੀ ਛਾਪੇਮਾਰੀ ਕਰਕੇ ਸ਼ਹਿਰ ’ਚ ਤਿੰਨ ਹੁੱਕਾਂ ਬਾਰਾਂ ਦਾ ਕੀਤਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 08-07-2026
ਛਾਪੇਮਾਰੀ ਦੌਰਾਨ ਹੁੱਕੇ, ਵੱਖ-ਵੱਖ ਸੁਆਦਾਂ ਵਾਲੇ ਤੰਬਾਕੂ, ਸਿਗਰਟਾਂ ਤੇ ਹੋਰ ਸਮੱਗਰੀ ਬਰਾਮਦ
ਜਲੰਧਰ, 7 ਜੁਲਾਈ (ਜਤਿੰਦਰ ਪੰਮੀ)–ਕਮਿਸ਼ਨਰੇਟ ਪੁਲਿਸ ਨੇ ਮੰਗਲਵਾਰ ਨੂੰ ਰਾਤ ਪੈਂਦਿਆਂ ਹੀ ਸ਼ਹਿਰ ਦੇ ਅਰਬਨ ਅਸਟੇਟ ਫੇਜ਼-1 ਤੇ ਅਰਬਨ ਅਸਟੇਟ ਫੇਜ਼-2 ਸਮੇਤ ਤਿੰਨ ਥਾਵਾਂ ’ਤੇ ਛਾਪੇਮਾਰੀ ਕਰਕੇ ਉਥੇ ਚੱਲ ਰਹੇ ਹੁੱਕਾਂ ਬਾਰਾਂ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਵੱਡੀ ਗਿਣਤੀ ਪੁਲਿਸ ਟੀਮਾਂ ਨੇ ਕਾਰਵਾਈ ਕਰਦਿਆਂ ਤੰਬਾਕੂ ਪੀਣ ਲਈ ਵਰਤੇ ਜਾਣ ਵਾਲੇ ਹੁੱਕੇ, ਵੱਖ-ਵੱਖ ਸੁਆਦਾਂ ਵਾਲੇ ਤੰਬਾਕੂ, ਸਿਗਰਟਾਂ ਤੇ ਨਸ਼ਾ ਕਰਨ ਲਈ ਵਰਤੀ ਜਾਣ ਵਾਲੀ ਹੋਰ ਸਮੱਗਰੀ ਬਰਾਮਦ ਕੀਤੀ। ਇਸ ਦੇ ਨਾਲ ਹੀ ਪੁਲਿਸ ਵਲੋਂ ਹੁੱਕਾਂ ਬਾਰਾਂ ਵਿੱਚ ਮੌਜੂਦ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਸੰਬੰਧਤ ਥਾਣਿਆਂ ’ਚ ਲਿਜਾਇਆ ਗਿਆ। ਇਸ ਸਾਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਉਕਤ ਥਾਵਾਂ ’ਤੇ ਰੈਸਟੋਰੈਂਟ ਦੇ ਨਾਂ ਹੇਠ ਹੁੱਕਾ ਬਾਰ ਚਲਾਏ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੰਬੰਧਤ ਥਾਣਿਆਂ ਦੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਗੁਪਤ ਢੰਗ ਨਾਲ ਕਾਰਵਾਈ ਕਰਦਿਆਂ ਹੁੱਕਾ ਬਾਰਾਂ ਬਾਰੇ ਪੁਖਤਾ ਸਬੂਤ ਇਕੱਠੇ ਕੀਤੇ ਅਤੇ ਅੱਜ ਇਕੋ ਵੇਲੇ ਹੀ ਤਿੰਨਾਂ ਥਾਵਾਂ ’ਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਏ. ਡੀ. ਸੀ. ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਕਮਿਸ਼ਨਰੇਟ ਖੇਤਰ ’ਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਣ ਤੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਸ ਲਈ ਕਿਸੇ ਨੂੰ ਵੀ ਤੰਬਾਕੂ ਜਾਂ ਹੋਰ ਗੈਰ-ਕਾਨੂੰਨੀ ਨਸ਼ਾ ਵੇਚਣ ਜਾਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਬਰਾਮਦ ਕੀਤੇ ਗਏ ਸਾਮਾਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਾਲੇ ਕਾਰਵਾਈ ਚੱਲ ਰਹੀ ਹੈ। ਇਸ ਲਈ ਬਰਾਮਦਗੀ ਤੇ ਹਿਰਾਸਤ ’ਚ ਲਏ ਗਏ ਲੋਕਾਂ ਬਾਰੇ ਬਾਅਦ ’ਚ ਖੁਲਾਸਾ ਕੀਤਾ ਜਾਵੇਗਾ। ਇਸ ਮੌਕੇ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ, ਏ. ਸੀ. ਪੀ. ਵੈਸਟ ਆਤਿਸ਼ ਭਾਟੀਆ, ਥਾਣਾ ਡਵੀਜ਼ਨ ਨੰਬਰ-6 ਦੀ ਇੰਚਾਰਜ ਰਜਵੰਤ ਕੌਰ, ਥਾਣਾ-7 ਦੇ ਮੁਖੀ ਰਵਿੰਦਰ ਕੁਮਾਰ ਅਤੇ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ।
ਇਮਾਰਤ ਸੀਲ ਕਰਨ ਦੇ ਨਾਲ ਹੀ ਮਾਲਕਾਂ ’ਤੇ ਵੀ ਹੋਵੇਗੀ ਕਾਰਵਾਈ
ਏ. ਡੀ. ਸੀ. ਪੀ. ਰਾਕੇਸ਼ ਯਾਦਵ ਨੇ
ਕਿਹਾ ਕਿ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ, ਜਿਨ੍ਹਾਂ ਇਮਾਰਤਾਂ ’ਚ ਹੁੱਕਾ ਬਾਰ ਫੜੇ ਗਏ ਹਨ, ਉਨ੍ਹਾਂ ਨੂੰ ਸੀਲ ਕੀਤਾ ਜਾਵੇਗਾ ਅਤੇ ਇਮਾਰਤ ਮਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਿਰਾਸਤ ’ਚ ਲਏ ਗਏ ਲੋਕਾਂ ਦੀ ਸ਼ਨਾਖਤ ਕੀਤੀ ਜਾਵੇਗੀ ਕਿ ਉਨ੍ਹਾਂ ’ਚ ਗਾਹਕ, ਮੁਲਾਜਮ ਤੇ ਮਾਲਕ ਕੌਣ-ਕੌਣ ਹਨ ਅਤੇ ਉਸ ਤਰ੍ਹਾਂ ਦੀ ਕੇਸ ਦਰਜ ਕੀਤੇ ਜਾਣਗੇ। ਇਮਾਰਤ ਬਾਰੇ ਵੀ ਪਤਾ ਲਾਇਆ ਜਾਵੇਗਾ ਕਿ ਉਹ ਕਿਸ ਮਕਸਦ ਲਈ ਤਿਆਰ ਕੀਤੀ ਗਈ ਹੈ ਅਤੇ ਕਿਤੇ ਉਸ ਦੀ ਗਲਤ ਵਰਤੋਂ ਤਾਂ ਨਹੀਂ ਕੀਤੀ ਜਾ ਰਹੀ।
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਦੀ ਬਕਾਇਆ ਫ਼ੀਸ ਜਮ੍ਹਾਂ ਨਾ ਕਰਵਾਉਣ ਵਾਲੇ ਕਾਲੋਨਾਈਜ਼ਰਾਂ ’ਤੇ ਦਰਜ ਹੋਣਗੇ ਕੇਸ ਅਗਲੀ ਖ਼ਬਰ ਟ੍ਰੈਫਿਕ ਪੁਲਿਸ ਤੇ ਤਹਿਬਾਜ਼ਾਰੀ ਵਿਭਾਗ ਦੀ ਮੁਹਿੰਮ ਹੋਈ ਫੇਲ੍ਹ ਕਬਜ਼ਾਧਾਰੀਆਂ ਨੇ ਸ਼ਰੇਆਮ ਕੀਤੇ ਫੁੱਟਪਾਥਾਂ ’ਤੇ ਨਾਜਾ...
Ad Position 24
No active advertisement