ਚੁਗਿੱਟੀ/ ਜੰਡੂ ਸਿੰਘਾ,7 ਜੁਲਾਈ ( ਨਰਿੰਦਰ ਲਾਗੂ) ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ‘ਤੇ ਆਰ.ਓ.ਬੀ.ਲੲ ਮਿੱਟੀ ਦੀ ਜਾਂਚ ਦਾ ਕੰਮ ਬੀਤੇ ਕੱਲ੍ਹ ਤੋਂ ਜਾਰੀ ਹੈ । ਜੋ ਕਿ ਅਗਾਮੀ 20 ਦਿਨਾਂ ਤੱਕ ਚੱਲੇਗਾ। ਉਸ ਤੋਂ ਬਾਅਦ ਜੰਗੀ ਪੱਧਰ ‘ਤੇ ਆਰ.ਓ.ਬੀ.ਦੀ ਫਾਈਨਲ ਤਸਵੀਰ ਤਿਆਰ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਆਰ.ਓ.ਬੀ. ਦੇ ਨਿਰਮਾਣ ਹਿੱਤ 8 ਜੁਲਾਈ ਨੂੰ ਰੇਲਵੇ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚਕਾਰ ਇਕ ਮਹੱਤਵਪੂਰਨ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਗੁਰੂ ਨਾਨਕਪੁਰਾ ਰੇਲਵੇ ਫਾਟਕ ਨੂੰ ਪੁਰੀ ਤਰ੍ਹਾਂ ਬੰਦ ਕਰਨ ਦੀ ਤਰੀਕ ‘ਤੇ ਅੰਤਿਮ ਫੈਸਲਾ ਲਿਆ ਜਾਵੇਗਾ। ਕਿਉਂਕਿ ਨਿਰਮਾਣ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਟ੍ਰੈਫਿਕ ਦਾ ਰਸਤਾ ਬਦਲਣਾ ਪਵੇਗਾ। ਇਸ ਮੌਕੇ ਬਿਜ਼ਲੀ ਦੇ ਖੰਬੇ,ਸੀਵਰ ਲਾਈਨ ਤੇ ਬਿਜ਼ਲੀ ਦੀਆ ਤਾਰਾਂ ਦੀ ਥਾਂ ਬਦਲਣ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਦਾ ਕਾਰਨ ਹੈ ਕਿ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਬਿਜ਼ਲੀ ਦੇ ਖੰਬੇ ਅਤੇ ਸੀਵਰ ਲਾਈਨ ਨੂੰ ਸ਼ਿਫਟ ਕਰਨਾ ਜ਼ਰੂਰੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਡੋਵਾਲੀ ਰੋਡ ਤੋਂ ਚੁਗਿੱਟੀ ਚੌਂਕ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਕਾਜ਼ੀ ਮੰਡੀ ਦੇ ਰਸਤੇ ਸੂਰੀਆ ਐਨਕਲੇਵ ਅੰਡਰਪਾਸ ਦਾ ਇਸਤੇਮਾਲ ਕਰਨਾ ਪਵੇਗਾ। ਜਿਸ ਤੋਂ ਉਹ ਚੁਗਿੱਟੀ ਵੱਲ ਨੂੰ ਨਿਕਲ ਸਕਣਗੇ। ਇਸੇ ਤਰ੍ਹਾਂ ਸ਼ਹਿਰ ਦੇ ਅੰਦਰ ਆਉਣ ਵਾਲੇ ਵਾਹਨਾਂ ਨੂੰ ਪੀ.ਏ.ਪੀ.ਚੌਕ ਤੋਂ ਹੁੰਦੇ ਹੋਏ ਬੀ.ਐਸ.ਐਫ.ਚੌਕ ਵੱਲ ਨੂੰ ਭੇਜਿਆ ਜਾਵੇਗਾ। ਉਧਰ ਗੁਰੂ ਨਾਨਕਪੁਰਾ,ਕਮਲ ਵਿਹਾਰ ਤੇ ਬਸ਼ੀਰਪੁਰਾ ਦੇ ਵਾਹਨ ਚਾਲਕ ਸਿੱਧੇ ਬਸ਼ੀਰਪੁਰਾ ਫਾਟਕ ਦਾ ਇਸਤੇਮਾਲ ਕਰਕੇ ਗੁਰੂ ਨਾਨਕਪੁਰਾ ਈਸਟ ਅਤੇ ਵੈਸਟ ‘ਚ ਆ ਜਾ ਸਕਣਗੇ।