ਜਲੰਧਰ, 7 ਜੁਲਾਈ (ਜਤਿੰਦਰ ਪੰਮੀ)–ਮੰਗਲਵਾਰ ਨੂੰ ਨਾਖਾ ਵਾਲਾ ਬਾਗ ਨੇੜੇ ਹਥਿਆਰ ਬਰਾਮਦਗੀ ਲਈ ਲਿਆਂਦੇ ਗਏ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕਰਨ ਦੌਰਾਨ ਲੁਕਾ ਕੇ ਰੱਖੇ ਅਸਲ੍ਹੇ ਨਾਲ ਪੁਲਿਸ ’ਤੇ ਗੋਲੀ ਚਲਾ ਦਿੱਤੀ। ਪੁਲਿਸ ਵਲੋਂ ਕੀਤੀ ਗਈ ਜਵਾਬੀ ਫਾਇਰਿੰਗ ’ਚ ਮੁਲਜ਼ਮ ਦੀ ਲੱਤ ’ਤੇ ਗੋਲੀ ਵੱਜੀ ਤੇ ਉਹ ਜ਼ਖ਼ਮੀ ਹੋ ਗਿਆ। ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਪਹਿਲਾਂ ਆਪਣੀ ਗੱਡੀ ਤੇ ਫਿਰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਸਖ਼ਤ ਸੁਰੱਖਿਆ ਹੇਠ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਸ਼ਾਮ ਦਾਸ ਮੂਲ ਵਾਸੀ ਪਿੰਡ ਪਿਆਰਾ ਡਾਕਖਾਨਾ ਰਤਨਪੁਰ ਜ਼ਿਲ੍ਹਾ ਦਰਬੰਗਾ ਬਿਹਾਰ ਅਤੇ ਹਾਲ ਵਾਸੀ ਮੁਹੱਲਾ ਗੁਰੂ ਦਿਵਾਨ ਨਗਰ ਗੜ੍ਹਾ ਵਜੋਂ ਦੱਸੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੂੰ ਲੰਘੀ 4 ਜੁਲਾਈ ਨੂੰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਕਿੱਲੋ ਗਾਂਜਾ ਬਰਾਮਦ ਕੀਤਾ ਸੀ ਅਤੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਘਟਨਾ ਸਥਾਨ ’ਤੇ ਪੁੱਜੇ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ ਨੇ ਮੁਲਜ਼ਮ ਤੇ ਪੁਲਿਸ ਵਿਚਾਲੇ ਹੋਈ ਫਾਇਰਿੰਗ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਸ਼ਾਮ ਦਾਸ ਨੇ ਪੁਲਿਸ ਰਿਮਾਂਡ ਦੌਰਾਨ ਇੰਕਸ਼ਾਫ ਕੀਤਾ ਸੀ ਕਿ ਉਸ ਨੇ ਪਿਛਲੇ ਸਾਲ 20 ਨਵੰਬਰ ਨੂੰ ਗੜ੍ਹਾ ਵਿਖੇ ਝਗੜੇ ਦੌਰਾਨ ਗੋਲੀ ਚਲਾਈ ਸੀ। ਇਸ ਸੰਬੰਧੀ ਥਾਣਾ ਸੱਤ ਵਿਚ ਹੀ ਉਸ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਏ. ਡੀ. ਸੀ. ਪੀ. ਨੇ ਦੱਸਿਆ ਕਿ ਅੱਜ ਥਾਣਾ ਮੁਖੀ ਰਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਮੁਲਜ਼ਮ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਉਸ ਵਲੋਂ ਦੱਸੀ ਗਈ ਥਾਂ ਨਾਖਾ ਵਾਲਾ ਬਾਗ ਨੇੜੇ ਲੈ ਗਏ ਸਨ। ਜਦੋਂ ਪੁਲਿਸ ਪਾਰਟੀ ਮੁਲਜ਼ਮ ਨੂੰ ਲੈ ਕੇ ਉਥੇ ਪੁੱਜੀ ਤਾਂ ਉਸ ਨੇ ਪੁਲਿਸ ਨੂੰ ਚਕਮਾ ਦੇ ਕੇ ਲੁਕਾਇਆ ਅਸਲ੍ਹਾ ਕੱਢ ਕੇ ਪੁਲਿਸ ਪਾਰਟੀ ’ਤੇ ਫਾਇਰ ਕਰ ਦਿੱਤਾ। ਇਸ ’ਤੇ ਤੁਰੰਤ ਜਵਾਬੀ ਕਰਦੇ ਹੋਏ ਏ. ਐੱਸ. ਆਈ. ਸਤਿੰਦਰ ਕੁਮਾਰ ਨੇ ਫਾਇਰ ਕੀਤਾ ਜੋ ਕਿ ਮੁਲਜ਼ਮ ਦੀ ਖੱਬੀ ਲੱਤ ਵਿੱਚ ਵੱਜਾ ਅਤੇ ਉਹ ਜ਼ਖ਼ਮੀ ਹੋ ਕੇ ਡਿੱਗ ਗਿਆ। ਪੁਲਿਸ ਪਾਰਟੀ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਤੇ ਅਸਲ੍ਹਾ ਬਰਾਮਦ ਕੀਤਾ ਅਤੇ ਗੱਡੀ ’ਚ ਪਾ ਕੇ ਐਂਬੂਲੈਂਸ ਤੱਕ ਪਹੁੰਚਾਇਆ, ਜਿੱਥੋਂ ਸਿਵਲ ਹਸਪਤਾਲ ਭੇਜਿਆ ਗਿਆ। ਇਸ ਮੌਕੇ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ ਅਤੇ ਹੋਰ ਪੁਲਿਸ ਅਫਸਰ ਵੀ ਮੌਜੂਦ ਸਨ।