ਜਲੰਧਰ, 8 ਜੁਲਾਈ (ਜਤਿੰਦਰ ਪੰਮੀ)–ਬਸਤੀ ਨੌ ’ਚ ਪੈਂਦੇ ਨਿਜ਼ਾਤਮ ਨਗਰ ਸਥਿਤ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ’ਚ ਬੁੱਧਵਾਰ ਤੜਕੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਫੈਕਟਰੀ ਅੰਦਰ ਕੈਰਮ ਬੋਰਡ ਦੇ ਫਰੇਮ ਬਣਾਉਣ ਲਈ ਪਿਆ ਕੀਮਤੀ ਲੱਕੜ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀਆਂ ਲਪਟਾਂ ਏਨੀਆਂ ਜ਼ਿਆਦਾ ਸਨ ਕਿ ਇਮਾਰਤ ਦੀ ਛੱਤ ’ਚ ਪਏ ਲੋਹੇ ਗਾਰਡਰ ਵੀ ਪਿਘਲ ਕੇ ਟੇਢੇ ਹੋ ਗਏ, ਜਿਸ ਨਾਲ ਇਮਾਤ ਦੀ ਛੱਤ ਵੀ ਡਿੱਗ ਗਈ। ਫੈਕਟਰੀ ਮਾਲਕ ਅਨੁਸਾਰ ਅੱਗ ਲੱਗਣ ਕਾਰਨ ਉਨ੍ਹਾਂ ਦਾ 20-22 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਕਰੀਬ ਤਿੰਨ ਘੰਟੇ ਸਖ਼ਤ ਮਸ਼ੱਕਤ ਕਰਨੀ ਪਈ ਪਰ ਇਸ ਦੇ ਬਾਵਜੂਦ ਫੈਕਟਰੀ ਦੇ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਨਿਜ਼ਾਤਮ ਨਗਰ ਸਥਿਤ ਵਾਈ. ਏ. ਟਰੇਡਰਜ਼ ’ਚ ਬੁੱਧਵਾਰ ਨੂੰ ਸਵੇਰੇ ਤੜਕੇ ਕਰੀਬ 2.30 ਵਜੇ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਫੈਕਟਰੀ ’ਚ ਸੌਂ ਰਹੇ ਮੁਲਾਜ਼ਮ ਹਰਮੀਤ ਸਿੰਘ ਨੂੰ ਉਸ ਵੇਲੇ ਲੱਗਾ ਜਦੋਂ ਅੱਗ ਦੇ ਭਾਂਬੜ ਮਚਣ ਲੱਗੇ। ਮੁਲਾਜ਼ਮ ਹਰਮੀਤ ਸਿੰਘ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਦੀ ਫੈਕਟਰੀ ਦੇ ਅੰਦਰ ਸੁੱਤਾ ਪਿਆ ਸੀ ਤਾਂ ਅੱਗ ਦੇ ਸੇਕ ਲੱਗਣ ’ਤੇ ਉਸ ਦੀ ਜਾਗ ਖੁੱਲ੍ਹੀ ਤਾਂ ਦੇਖਿਆ ਕਿ ਬਾਹਰ ਫੈਕਟਰੀ ’ਚ ਭਿਆਨਕ ਅੱਗ ਲੱਗੀ ਹੋਈ ਸੀ। ਉਹ ਆਪਣੀ ਜਾਨ ਬਚਾ ਕੇ ਬਾਹਰ ਨਿਕਲਿਆ ਅਤੇ ਅੱਗ ਬਾਰੇ ਮਾਲਕ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਸੰਬੰਧੀ ਗੱਲਬਾਤ ਕਰਦਿਆਂ ਮਾਲਕ ਰਾਹੁਲ ਚਤਰਥ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਅੱਗ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਹ ਫੈਕਟਰੀ ਵਿੱਚ ਕੈਰਮ ਬੋਰਡ ਦੇ ਫਰੇਮ ਤਿਆਰ ਕਰਕੇ ਸਪਲਾਈ ਕਰਦੇ ਹਨ। ਇਸ ਲਈ ਫੈਕਟਰੀ ਦੇ ਅੰਦਰ ਅੰਬ, ਕਿੱਕਰ, ਧਰੇਕ ਤੇ ਪਾਈਨ ਕਿਸਮ ਦੀ ਕੀਮਤੀ ਲੱਕੜ ਪਈ ਹੋਈ ਸੀ, ਜੋ ਅੱਗ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਰਾਹੁਲ ਚਤਰਥ ਨੇ ਦੱਸਿਆ ਕਿ ਅੱਗ ਏਨੀ ਭਿਆਨਕ ਸੀ ਕਿ ਇਮਾਰਤ ਦੀ ਛੱਤ ’ਤੇ ਪਾਏ ਗਏ ਲੋਹੇ ਗਾਰਡਰ ਵੀ ਸੇਕ ਨਾਲ ਟੇਢੇ ਹੋ ਗਏ ਅਤੇ ਛੱਤ ਬੁਰੀ ਤਰ੍ਹਾਂ ਟੁੱਟ ਗਈ। ਅੱਗ ਕਾਰਨ ਉਨ੍ਹਾਂ ਦਾ 20-22 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।