ਜਲੰਧਰ, 8 ਜੁਲਾਈ (ਐੱਮ. ਐੱਸ. ਲੋਹੀਆ) - ਦੇ ਦਿਨ ਪਹਿਲਾਂ ਅੱਧੀ ਰਾਤ ਤੋਂ ਬਾਅਦ ਆਪਣੇ ਪਰਿਵਾਰ ਨਾਲ ਜਾ ਰਹੇ ਨਿਹੰਗ ਸਿੰਘ ਮਹਾਂਕਾਲ ਤੁਫ਼ਾਨ ਸਿੰਘ ਵਾਸੀ ਕਾਲਾ ਸੰਘਿਆਂ ਰੋਡ, ਜਲੰਧਰ ’ਤੇ ਕਰੀਬ 6 ਵਿਅਕਤੀਆਂ ਵਲੋਂ ਹਮਲਾ ਕਰ ਦਿੱਤੇ ਜਾਣ ਦੇ ਮਾਮਲੇ ਤਹਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਨਿਹੰਗ ਸਿੰਘ ਜਥੇਬੰਦੀਆਂ ਅੱਜ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਮਿਲੀਆਂ। ਮਹਾਂਕਾਲ ਬਾਬਾ ਹਰੀ ਸਿੰਘ (ਮੁਖੀ ਮਿਸਲ ਸ਼ਹੀਦਾਂ ਬਾਬਾ ਤਾਰਾ ਸਿੰਘ ਜੀਵਾਂ, ਤਰਨਾ ਦੱਲ) ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਮੌਕੇ ਦੀਆਂ ਵੀਡੀਓ ਵੀ ਦਿੱਤੀਆਂ ਗਈਆਂ ਹਨ ਅਤੇ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਪੁਲਿਸ ਕਮਿਸ਼ਨਰ ਨੂੰ ਮਿਲੇ ਆਗੂਆਂ ਨੇ ਮੰਗ ਕੀਤੀ ਹੈ, ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਵਿਅਕਤੀ ਨੂੰ ਇਨਸਾਫ਼ ਦਿਵਾਇਆ ਜਾਵੇ। ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ, ਕਿ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਥੇਦਾਰ ਲਖਬੀਰ ਸਿੰਘ (ਮਿਸਲ ਸ਼ਹੀਦਾਂ, ਤਰਨਾ ਦੱਲ), ਜਥੇਦਾਰ ਗੁਰਦੇਵ ਸਿੰਘ (ਮੁਖੀ, ਮਿਸਲ ਭਗਤ ਧੰਨਾ ਜੀ), ਜਥੇਦਾਰ ਬਾਬਾ ਨਰਾਇਣ ਸਿੰਘ (ਸਿੰਘੂ ਬਾਰਡਰ ਵਾਲੇ), ਜਥੇਦਾਰ ਬਾਬਾ ਜਸਪ੍ਰੀਤ ਸਿੰਘ (ਮੁਖੀ ਸ਼ਹੀਦ ਬਾਬਾ ਉਧੇ ਸਿੰਘ ਜੀ), ਜਥੇਦਾਰ ਬਾਬਾ ਸੌਦਾਗਰ ਸਿੰਘ (ਮਿਸਲ ਸ਼ਹੀਦਾਂ, ਤਰਨਾ ਦੱਲ), ਜਥੇਦਾਰ ਬਾਬਾ ਜਗਮੋਹਨ ਸਿੰਘ ਹਮੀਰਾ (ਮੁਖੀ ਮਿਸਲ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ) ਅਤੇ ਹੋਰ ਹਾਜ਼ਰ ਸਨ।