ਜਲੰਧਰ, 24 ਜੁਲਾਈ (ਜਤਿੰਦਰ ਪੰਮੀ)–ਪਹਿਲਾਂ ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਅਤੇ ਫਿਰ ਮੁੱਖ ਮੰਤਰੀ ਦੀ ਨਕੋਦਰ ਫੇਰੀ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਵੀ. ਵੀ. ਆਈ. ਪੀ. ਡਿਊਟੀ ਲੱਗਣ ਨਾਲ ਲਗਾਤਾਰ ਰਹੇ ਰੁਝੇਵੇ ਅਤੇ ਵੀਰਵਾਰ ਨੂੰ ਤੋਂ ਡੀ. ਸੀ. ਦਫ਼ਤਰ ਦੇ ਮੁਲਾਜ਼ਮਾਂ ਵਲੋਂ ਕੰਮਕਾਜ ਠੱਪ ਕਰਕੇ ਸ਼ੁਰੂ ਕੀਤੀ ਗਈ ਲੜੀਵਾਰ ਮੁਕੰਮਲ ਹੜਤਾਲ ਜਾਤੀ ਸਰਟੀਫਿਕੇਟ ਸਮੇਤ ਹੋਰ ਸਰਕਾਰੀ ਦਸਤਾਵੇਜ਼ ਬਣਵਾਉਣ ਲਈ ਸੇਵਾ ਕੇਂਦਰਾਂ ’ਚ ਅਰਜ਼ੀਆਂ ਦੇਣ ਵਾਲੇ ਲੋਕਾਂ ਉਪਰ ਭਾਰੀ ਪੈ ਰਹੀ ਹੈ। ਲੋਕਾਂ ਨੂੰ ਜਿੱਥੇ ਅਰਜ਼ੀਆਂ ਦੇਣ ਲਈ ਲੰਮੀਆਂ ਕਤਾਰਾਂ ’ਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ, ਉੱਥੇ ਹੀ ਦਸਤਾਵੇਜ਼ ਸਮੇਂ ਸਿਰ ਨਾ ਬਣਨ ਕਾਰਨ ਵਾਰ-ਵਾਰ ਸੇਵਾ ਕੇਂਦਰਾਂ ਦੇ ਗੇੜੇ ਮਾਰਨੇ ਪੈ ਰਹੇ ਹਨ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਔਰਤਾਂ ’ਚ ਵਧੇਰੇ ਉਤਸ਼ਾਹ ਹੋਣ ਕਰਕੇ ਜਾਤੀ ਸਰਟੀਫਿਕੇਟ ਬਣਵਾਉਣ ਲਈ ਲੋਕ ਵੱਡੀ ਗਿਣਤੀ ’ਚ ਰੋਜ਼ਾਨਾ ਸੇਵਾ ਕੇਂਦਰਾਂ ’ਚ ਅਰਜ਼ੀਆਂ ਦੇਣ ਲਈ ਪਹੁੰਚ ਰਹੇ ਹਨ ਪਰ ਸਰਟੀਫਿਕੇਟ ਜਾਰੀ ਹੋਣ ਵਿੱਚ ਆਮ ਨਾਲੋਂ ਵਧੇਰੇ ਸਮਾਂ ਲੱਗਣ ਕਰਕੇ ਉਨ੍ਹਾਂ ਵਿੱਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਸੌਖਾ ਨਹੀਂ, ਬਲਕਿ ਉਨ੍ਹਾਂ ਨੂੰ ਆਪਣਾ ਸਮਾਂ ਤੇ ਪੈਸੇ ਵੀ ਖਰਚ ਕਰਨੇ ਪੈ ਰਹੇ ਹਨ ਅਤੇ ਖੱਜਲ-ਖੁਆਰੀ ਵਾਧੂ ਹੋ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਸੁਵਿਧਾ ਕੇਂਦਰ ’ਚ ਜਾਤੀ ਸਰਟੀਫਿਕੇਟ ਬਣਵਾਉਣ ਲਈ ਆਏ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਲੋਕ ਭਲਾਈ ਸਕੀਮਾਂ ਦਾ ਲਾਭ ਸਮੇਂ ਸਿਰ ਦੇਣਾ ਹੈ ਤਾਂ ਸੰਬੰਧਤ ਵਿਭਾਗਾਂ ਨੂੰ ਹੋਰ ਵੀ. ਆਈ. ਪੀ. ਡਿਊਟੀਆਂ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੇ ਕੰਮ ਨਾ ਰੁਕਣ। ਓਧਰ ਸੇਵਾ ਕੇਂਦਰਾਂ ’ਚ ਤਾਇਨਾਤ ਸਟਾਫ ਦਾ ਕਹਿਣਾ ਹੈ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਹੋਣ ਨਾਲ ਜਾਤੀ ਸਰਟੀਫਿਕੇਟ ਬਣਵਾਉਣ ਵਾਲੇ ਲੋਕਾਂ ਦੀ ਭੀੜ ਵਧੇਰੇ ਵਧੀ ਹੋਈ ਹੈ। ਰੋਜ਼ਾਨਾ 4000 ਤੋਂ ਵੀ ਵਧੇਰੇ ਅਰਜ਼ੀਆਂ ਆ ਰਹੀਆਂ ਹਨ ਪਰ ਇਸ ਦੇ ਉਲਟ ਪੰਜਾਬ ਸਰਕਾਰ ਦਾ ਈ-ਸੇਵਾ ਪੋਰਟਲ ਹੌਲ਼ੀ ਚੱਲਣ ਨਾਲ ਘੱਟ ਅਰਜ਼ੀਆਂ ’ਤੇ ਪ੍ਰਕਿਰਿਆ ਚੱਲਦੀ ਹੈ ਤੇ ਅਰਜ਼ੀਆਂ ਨੂੰ ਤਸਦੀਕ ਕਰਨ ਵਾਲੇ ਮੁਲਾਜ਼ਮਾਂ ਦੇ ਵੀ. ਆਈ. ਪੀ. ਡਿਊਟੀ, ਛੁੱਟੀਆਂ ਅਤੇ ਹੁਣ ਹੜਤਾਲ ਕਾਰਨ ਅਰਜ਼ੀਆਂ ਦੀ ਪੈਂਡੈਂਸੀ ਵਧਦੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸਭ ਤੋਂ ਵਧੇਰੇ ਪੈਂਡੈਂਸੀ ਜਲੰਧਰ ਤਹਿਸੀਲ-1 ਦੀ ਹੈ ਜਦੋਂਕਿ ਤਹਿਸੀਲ-2 ਤੇ ਬਾਕੀ ਤਹਿਸੀਲਾਂ ਵਿੱਚ ਅਰਜ਼ੀਆਂ ਪੈਂਡਿੰਗ ਪਈਆਂ ਹਨ। ਹੁਣ ਮੁਲਾਜ਼ਮਾਂ ਵਲੋਂ 26 ਜੁਲਾਈ ਤਕ ਹੜਤਾਲ ’ਤੇ ਰਹਿਣ ਦੌਰਾਨ ਪੈਂਡੈਂਸੀ ਹੋਰ ਵਧੇਗੀ, ਜਿਸ ਨਾਲ ਲੋਕਾਂ ਨੂੰ ਸਮੇਂ ਸਿਰ ਦਸਤਾਵੇਜ਼ ਮੁਹੱਈਆ ਕਰਵਾਉਣਾ ਮੁਸ਼ਕਲ ਹੋਵੇਗਾ। ਇਸ ਸੰਬੰਧੀ ਸੰਪਰਕ ਕਰਨ ਤਹਿਸੀਲਦਾਰ-1 ਸਵਪਨਦੀਪ ਕੌਰ ਨੇ ਦੱਸਿਆ ਕਿ ਤਹਿਸੀਲ ਦਾ ਸੰਬੰਧਤ ਮੁਲਾਜ਼ਮ ਇਕ ਦਿਨ ਵਿੱਚ 600 ਦੇ ਕਰੀਬ ਅਰਜ਼ੀਆਂ ਤਸਦੀਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਜਾਗਰੂਕਤਾ ਦੀ ਘਾਟ ਪਹਿਲਾਂ ਜਾਤੀ ਸਰਟੀਫਿਕੇਟ ਹੋਣ ਦੇ ਬਾਵਜੂਦ ਨਵੇਂ ਸਰਟੀਫਿਕੇਟ ਲਈ ਅਰਜ਼ੀਆਂ ਦੇ ਰਹੇ ਹਨ, ਜਿਸ ਕਾਰਨ ਅਰਜ਼ੀਆਂ ਦੀ ਗਿਣਤੀ ਵਧੀ ਹੋਈ ਹੈ। ਇਸ ਤੋਂ ਇਲਾਵਾ ਈ-ਸੇਵਾ ਪੋਰਟਲ ਦਾ ਸਰਵਰ ਵੀ ਹੌਲ਼ੀ ਚੱਲਣ ਨਾਲ ਕੰਮ ਤੇਜ਼ੀ ਨਾਲ ਨਹੀਂ ਹੋ ਰਿਹਾ। ਡੀ. ਸੀ. ਦਫ਼ਤਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਦੂਜੇ ਦਿਨ ਵੀ ਖਾਲੀ ਰਹੇ ਦਫ਼ਤਰ ਓਧਰ ਡੀ. ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਵਲੋਂ 23 ਤੋਂ 26 ਜੁਲਾਈ ਤੱਕ ਰੱਖੀ ਗਈ ਮੁਕੰਮਲ ਹੜਤਾਲ ਕਾਰਨ ਪਹਿਲ ਦਿਨ ਵੀਰਵਾਰ ਨੂੰ ਡੀ. ਸੀ. ਦਫਤਰ ਤੋਂ ਇਲਾਵਾ ਸਬ-ਡਵੀਜ਼ਨਾਂ ਅਤੇ ਸਬ-ਤਹਿਸੀਲਾਂ ਦੇ ਮੁਲਾਜ਼ਮਾਂ ਵਲੋਂ ਕੰਮ ਠੱਪ ਰੱਖਿਆ ਗਿਆ। ਮੁਲਾਜ਼ਮਾਂ ਦੇ ਦਫ਼ਤਰਾਂ ’ਚ ਨਾ ਬੈਠਣ ਕਾਰਨ ਕੰਮ ਕਰਵਾਉਣ ਲਈ ਆਏ ਕਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਹੜਤਾਲ ਦਾ ਪਹਿਲਾਂ ਐਲਾਨ ਕੀਤੇ ਜਾਣ ਕਾਰਨ ਬਹੁਤ ਸਾਰੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਲੋਕਾਂ ਦੀ ਆਮਦ ਵੀ ਘੱਟ ਰਹੀ। ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਇਹ ਹੜਤਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡੀ. ਸੀ. ਦਫ਼ਤਰਾਂ, ਐੱਸ. ਡੀ. ਐੱਮ. ਦਫਤਰਾਂ ਅਤੇ ਤਹਿਸੀਲਦਾਰਾਂ ਤੇ ਨਾਇਬ-ਤਹਿਸੀਦਾਰਾਂ ਦਾ ਦਫਤਰਾਂ ਵਿੱਚ ਰਹੀ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਵੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ।