ਸ਼ਾਹਕੋਟ, 30 ਜੁਲਾਈ (ਸੁਖਦੀਪ ਸਿੰਘ)- ਸ਼ਾਹਕੋਟ ਦੇ ਬੱਸ ਅੱਡੇ ਤੋਂ ਬੀਤੀ ਰਾਤ ਪੰਜਾਬ ਰੋਡਵੇਜ਼ ਦੀ ਇਕ ਬੱਸ ਚੋਰੀ ਹੋ ਗਈ, ਜੋ ਕਿ ਧਰਮਕੋਟ (ਮੋਗਾ) ਤੋਂ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਦੇ ਚਾਲਕ ਸੁਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਰੇੜ੍ਹਵਾਂ (ਸ਼ਾਹਕੋਟ) ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਜਲੰਧਰ-2 ਡਿਪੂ ‘ਚ ਡਰਾਈਵਰ ਵਜੋਂ ਤਾਇਨਾਤ ਹੈ ਅਤੇ ਸ਼ਾਹਕੋਟ ਤੋਂ ਲੁਧਿਆਣਾ ਵਾਇਆ ਜਲੰਧਰ ਰੂਟ ‘ਤੇ ਚੱਲਣ ਵਾਲੀ ਬੱਸ (ਪੀ.ਬੀ-08-ਸੀ.ਬੀ.-9689) ਚਲਾਉਂਦਾ ਹੈ। ਉਸ ਨੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਰੂਟ ਪੂਰਾ ਕਰਕੇ ਕੱਲ੍ਹ ਸ਼ਾਮ 6.30 ਵਜੇ ਬੱਸ ਨੂੰ ਸ਼ਾਹਕੋਟ ਬੱਸ ਅੱਡੇ ਵਿੱਚ ਖੜ੍ਹਾ ਕਰਕੇ ਚੰਗੀ ਤਰ੍ਹਾਂ ਲਾਕ ਲਗਾ ਦਿੱਤਾ ਸੀ, ਜਿਸ ਤੋਂ ਬਾਅਦ ਉਹ ਤੇ ਕੰਡਕਟਰ ਆਪਣੇ ਘਰ ਚਲੇ ਗਏ। ਜਦੋਂ ਅੱਜ ਸਵੇਰੇ ਕਰੀਬ 5.15 ਵਜੇ ਬੱਸ ਲੈਣ ਲਈ ਬੱਸ ਅੱਡੇ ਪੁੱਜੇ ਤਾਂ ਬੱਸ ਉੱਥੇ ਨਹੀਂ ਸੀ। ਬੱਸ ਦੀ ਭਾਲ ਕਰਨ ‘ਤੇ ਪਤਾ ਲੱਗਿਆ ਕਿ ਬੱਸ ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਦੇ ਮੋਗਾ ਬਾਈਪਾਸ ਨੇੜੇ ਫਲਾਈਓਵਰ ਹੇਠਾਂ ਭਿੰਡਰ ਕਲਾਂ ਵਾਲੇ ਰਸਤੇ ‘ਤੇ ਖੜ੍ਹੀ ਸੀ ਅਤੇ ਚੋਰ ਬੱਸ ‘ਚੋਂ 2 ਬੈਟਰੀਆਂ ਅਤੇ 265 ਲੀਟਰ ਡੀਜ਼ਲ ਚੋਰੀ ਕਰਕੇ ਲੈ ਗਏ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਾਹਕੋਟ ਪੁਲਿਸ ਅਤੇ ਪੰਜਾਬ ਰੋਡਵੇਜ਼ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਬੱਸ ਸਟੈਂਡ ਦੇ ਬਾਹਰ ਅਤੇ ਚੱਕ ਬਾਹਮਣੀਆਂ ਟੋਲ ਪਲਾਜ਼ਾ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ, ਜਿਸ ਵਿੱਚ ਸਾਹਮਣੇ ਆਇਆ ਕਿ ਬੱਸ ਅੱਜ ਤੜਕੇ ਕਰੀਬ 3:15 ਵਜੇ ਸ਼ਾਹਕੋਟ ਦੇ ਨਜ਼ਦੀਕ ਚੱਕ ਬਾਹਮਣੀਆਂ ਟੋਲ ਪਲਾਜ਼ੇ ਤੋਂ ਧਰਮਕੋਟ ਵਾਲੇ ਪਾਸੇ ਲੰਘੀ ਹੈ। ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।