ਸੀ. ਆਈ. ਏ. ਸਟਾਫ ਦਿਹਾਤੀ ਵਲੋਂ ਦੋ ਵੱਖ-ਵੱਖ ਮਾਮਲਿਆਂ ’ਚ ਡੋਡੇ ਚੂਰਾ ਪੋਸਤ ਤੇ ਹੈਰੋਇਨ ਸਮੇਤ 3 ਕਾਬੂ
8 ਦੋ ਜਣਿਆਂ ਕੋਲੋਂ 90 ਕਿੱਲੋ ਡੋਡੇ ਚੂਰਾ ਪੋਸਤ ਤੇ ਤੀਜੇ ਕੋਲੋਂ 100 ਗ੍ਰਾਮ ਹੈਰੋਇਨ ਕੀਤੀ ਬਰਾਮਦ
8 ਮੱਧ ਪ੍ਰਦੇਸ਼ ਤੋਂ ਲਿਆ ਕੇ ਮਹਿਤਪੁਰ ਤੇ ਸੁਲਤਾਨਪੁਰ ਲੋਧੀ ਇਲਾਕੇ ’ਚ ਵੇਚਦੇ ਸਨ ਚੂਰਾ ਪੋਸਤ
ਜਲੰਧਰ, 21 ਅਗਸਤ (ਜਤਿੰਦਰ ਪੰਮੀ)–ਸੀ. ਆਈ.
ਜਲੰਧਰ, 21 ਅਗਸਤ (ਜਤਿੰਦਰ ਪੰਮੀ)–ਸੀ. ਆਈ. ਏ. ਸਟਾਫ ਦਿਹਾਤੀ ਦੀ ਪੁਲਿਸ ਵਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਡੋਡੇ ਚੂਰਾ ਪੋਸਤ ਤੇ ਹੈਰੋਇਨ ਸਮੇਤ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਉਰਫ਼ ਚੀਮਾ ਵਾਸੀ ਪਿੰਡ ਟੋਟੀ, ਥਾਣਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਤੇ ਕੁਲਦੀਪ ਸਿੰਘ ਉਰਫ਼ ਦੀਪ ਵਾਸੀ ਬਾਵਨ, ਥਾਣਾ ਬਾਵਨ, ਜ਼ਿਲ੍ਹਾ ਕੁਰੂਕਸ਼ੇਤਰ, ਹਰਿਆਣਾ ਵਜੋਂ ਜਦੋਂਕਿ ਹੈਰੋਇਨ ਸਮੇਤ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਦਿੱਤ ਸਿੰਘ ਉਰਫ਼ ਨੰਦਾ ਵਾਸੀ ਪਿੰਡ ਡੋਗਰਾਂਵਾਲ, ਥਾਣਾ ਸੁਭਾਨਪੁਰ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਅਮਰਜੀਤ ਸਿੰਘ ਉਰਫ਼ ਚੀਮਾ ਤੇ ਕੁਲਦੀਪ ਸਿੰਘ ਉਰਫ਼ ਦੀਪ ਦੋਵੇਂ ਆਪਸ ’ਚ ਰਿਸ਼ਤੇਦਾਰ ਹਨ ਅਤੇ ਉਹ ਮੱਧ ਪ੍ਰਦੇਸ਼ ਤੋਂ ਚੂਰਾ ਪੋਸਤ ਲਿਆ ਕੇ ਮਹਿਤਪੁਰ ਤੇ ਸੁਲਤਾਨਪੁਰ ਲੋਧੀ ਇਲਾਕੇ ’ਚ ਸਪਲਾਈ ਕਰਦੇ ਹਨ। ਅਮਰਜੀਤ ਸਿੰਘ ਉਰਫ ਚੀਮਾ ’ਤੇ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਦੇ ਕਈ ਮੁਕੱਦਮੇ ਦਰਜ ਹਨ। ਓਧਰ ਹੈਰੋਇਨ ਸਮੇਤ ਫੜੇ ਗਏ ਮੁਲਜ਼ਮ ਗੁਰਦਿੱਤ ਸਿੰਘ ਉਰਫ਼ ਨੰਦਾ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਸਟਾਫ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਨੇ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਮਾਮਲੇ ’ਚ ਐੱਸ. ਆਈ. ਕਸ਼ਮੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਥਾਣਾ ਪਤਾਰਾ ਦੇ ਇਲਾਕੇ ਵਿੱਚ ਪਿੰਡ ਜੌਹਲ ਨੇੜੇ ਚਿੱਟੇ ਰੰਗ ਦੀਆਂ ਗੱਡੀਆਂ ਸ਼ੱਕੀ ਹਾਲਾਤ ਵਿੱਚ ਖੜ੍ਹੀਆਂ ਮਿਲੀਆਂ। ਪੁਲਿਸ ਪਾਰਟੀ ਵੱਲੋਂ ਦੋਵੇਂ ਗੱਡੀਆਂ ਨੂੰ ਘੇਰ ਕੇ ਉਨ੍ਹਾਂ ਦੇ ਚਾਲਕਾਂ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਹੁੰਡਈ ਆਈ-20 ਵਿੱਚ ਬੈਠੇ ਵਿਅਕਤੀ ਦੀ ਪਛਾਣ ਅਮਰਜੀਤ ਸਿੰਘ ਉਰਫ਼ ਚੀਮਾ ਵਜੋਂ, ਜਦਕਿ ਹੁੰਡਈ ਕਰੇਟਾ ਵਿੱਚ ਬੈਠੇ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਉਰਫ਼ ਦੀਪ ਵਜੋਂ ਹੋਈ। ਦੋਵੇਂ ਗੱਡੀਆਂ ਦੀ ਤਲਾਸ਼ੀ ਲੈਣ ’ਤੇ ਹਰੇਕ ਗੱਡੀ ਵਿੱਚੋਂ ਤਿੰਨ-ਤਿੰਨ ਪਲਾਸਟਿਕ ਦੇ ਗੱਟੇ ਬਰਾਮਦ ਹੋਏ, ਜਿਨ੍ਹਾਂ ’ਚੋਂ ਕੁੱਲ 90 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਇਸ ਦੇ ਨਾਲ ਹੀ ਦੋਵੇਂ ਗੱਡੀਆਂ ਵੀ ਜ਼ਬਤ ਕਰ ਲਈਆਂ। ਇਸ ਸੰਬੰਧੀ ਦੋਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਪਤਾਰਾ ਵਿਖੇ ਕੇਸ ਦਰਜ ਕੀਤਾ ਗਿਆ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਐੱਸ. ਐੱਸ. ਪੀ. ਵਿਰਕ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅਮਰਜੀਤ ਸਿੰਘ ਉਰਫ਼ ਚੀਮਾ ਤੇ ਕੁਲਦੀਪ ਸਿੰਘ ਉਰਫ਼ ਦੀਪ ਨੇ ਦੱਸਿਆ ਕਿ ਉਹ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਲੰਬੇ ਸਮੇਂ ਤੋਂ ਡੋਡੇ ਚੂਰਾ ਪੋਸਤ ਵੇਚਣ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਰਾਮਦ ਕੀਤਾ ਗਿਆ 90 ਕਿੱਲੋ ਡੋਡੇ ਚੂਰਾ ਪੋਸਤ ਉਨ੍ਹਾਂ ਵੱਲੋਂ ਨੀਮਚ ਮੱਧ ਪ੍ਰਦੇਸ਼ ਦੇ ਇੱਕ ਢਾਬੇ ਤੋਂ ਲਿਆਂਦਾ ਗਿਆ ਸੀ ਅਤੇ ਇਸ ਦੀ ਸਪਲਾਈ ਮਹਿਤਪੁਰ ਤੇ ਸੁਲਤਾਨਪੁਰ ਲੋਧੀ ਇਲਾਕਿਆਂ ਵਿੱਚ ਆਪਣੇ ਗਾਹਕਾਂ ਨੂੰ ਕੀਤੀ ਜਾਣੀ ਸੀ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਮਰਜੀਤ ਸਿੰਘ ਉਰਫ਼ ਚੀਮਾ ਖ਼ਿਲਾਫ਼ ਨਸ਼ਾ ਤਸਕਰੀ ਨਾਲ ਸਬੰਧਤ ਹੇਠ ਥਾਣਾ ਸੁਲਤਾਨਪੁਰ ਲੋਧੀ ਵਿੱਚ ਐੱਨ. ਡੀ. ਪੀ. ਐੱਸ. ਐਕਟ ਤਹਿਤ 5 ਮੁਕੱਦਮੇ ਪਹਿਲਾਂ ਹੀ ਦਰਜ ਹਨ।