ਸਪੈਸ਼ਲ ਸੈੱਲ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਅਮਨ ਤੇ ਫ਼ਤਹਿ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ
ਜਲੰਧਰ, 15 ਸਤੰਬਰ (ਜਤਿੰਦਰ ਪੰਮੀ)–ਸੋਮਵਾਰ ਨੂੰ ਕੋਰਟ ਕੰਪਲੈਕਸ ਵਿਚੋਂ ਅਦਾਲਤ ਵਿੱਚ ਪੇਸ਼ੀ ਭੁਗਤਣ ਲਈ ਆਏ ਸ਼ਹਿਰ ਦੇ ਦੋ ਗੈਂਗਸਟਰਾਂ ਅਮਨ ਤੇ ਫਤਹਿ ਨੂੰ ਸਪੈਸ਼ਲ ਸੈੱਲ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅੱਜ ਥਾਣਾ ਕੈਂਟ ਦੀ ਪੁਲਿਸ ਵਲੋਂ ਅਦਾਲਤ ਵਿੱਚ ਪੇਸ਼ ਕਰਕੇ ਦੋਵਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਸਪੈਸ਼ਲ ਸੈੱਲ ਦੀ ਪੁਲਿਸ ਨੇ ਦੋਵਾਂ ਦੇ ਅਦਾਲਤ ਵਿਚ ਹੋਣ ਦੀ ਸੂਚਨਾ ਮਿਲਣ ’ਤੇ ਜਾਲ ਵਿਛਾਇਆ ਹੋਇਆ ਸੀ।
ਜਲੰਧਰ, 15 ਸਤੰਬਰ (ਜਤਿੰਦਰ ਪੰਮੀ)–ਸੋਮਵਾਰ ਨੂੰ ਕੋਰਟ ਕੰਪਲੈਕਸ ਵਿਚੋਂ ਅਦਾਲਤ ਵਿੱਚ ਪੇਸ਼ੀ ਭੁਗਤਣ ਲਈ ਆਏ ਸ਼ਹਿਰ ਦੇ ਦੋ ਗੈਂਗਸਟਰਾਂ ਅਮਨ ਤੇ ਫਤਹਿ ਨੂੰ ਸਪੈਸ਼ਲ ਸੈੱਲ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅੱਜ ਥਾਣਾ ਕੈਂਟ ਦੀ ਪੁਲਿਸ ਵਲੋਂ ਅਦਾਲਤ ਵਿੱਚ ਪੇਸ਼ ਕਰਕੇ ਦੋਵਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਸਪੈਸ਼ਲ ਸੈੱਲ ਦੀ ਪੁਲਿਸ ਨੇ ਦੋਵਾਂ ਦੇ ਅਦਾਲਤ ਵਿਚ ਹੋਣ ਦੀ ਸੂਚਨਾ ਮਿਲਣ ’ਤੇ ਜਾਲ ਵਿਛਾਇਆ ਹੋਇਆ ਸੀ। ਜਿਵੇਂ ਹੀ ਦੋਵੇਂ ਕੋਰਟ ਕੰਪਲੈਕਸ ’ਚ ਪੁੱਜੇ ਪੁਲਿਸ ਨੇ ਉਨ੍ਹਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਛੱਤ ਤੋਂ ਛਾਲ ਮਾਰ ਦਿੱਤੀ , ਜਿਸ ਨਾਲ ਉਨ੍ਹਾਂ ਦੀਆਂ ਲੱਤਾਂ ’ਤੇ ਸੱਟਾਂ ਲੱਗੀਆਂ। ਪੁਲਿਸ ਨੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ ਸੀ। ਦੇਰ ਰਾਤ ਦੋਵਾਂ ਦਾ ਸਿਵਲ ਹਸਪਤਾਲ ਵਿਚੋਂ ਮੈਡੀਕਲ ਕਰਵਾ ਕੇ ਇਲਾਜ ਕਰਵਾਇਆ ਗਿਆ ਸੀ ਅਤੇ ਸਪੈਸ਼ਲ ਸੈੱਲ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਥਾਣਾ ਕੈਂਟ ਦੇ ਹਵਾਲੇ ਕਰ ਦਿੱਤਾ ਸੀ। ਮੰਗਲਵਾਰ ਨੂੰ ਥਾਣਾ ਕੈਂਟ ਦੀ ਪੁਲਿਸ ਵਲੋਂ ਦੋਵਾਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ.-1 ਮਾਧਵੀ ਸ਼ਰਮਾ ਨੇ ਦੱਸਿਆ ਕਿ ਅਮਨ ਤੇ ਫਤਿਹ 2025 ਵਿੱਚ ਥਾਣਾ ਜਲੰਧਰ ਕੈਂਟ ਵਿੱਚ ਦਰਜ ਕੇਸ 84/25 ਆਰਮਜ਼ ਐਕਟ ਵਿੱਚ ਲੋੜੀਂਦੇ ਸਨ। ਉਨ੍ਹਾਂ ਦੇ ਕੋਰਟ ਕੰਪਲੈਕਸ ਵਿੱਚ ਆਉਣ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਜਾਲ ਵਿਛਾ ਕੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਅਮਨ ਉਰਫ਼ ਅਮਨਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਐੱਨ. ਡੀ. ਪੀ. ਐੱਸ. ਤੇ ਆਰਮਜ਼ ਐਕਟ ਤਹਿਤ 11 ਕੇਸ ਦਰਜ ਹਨ ਜਦੋਂਕਿ ਕਰਨਪ੍ਰੀਤ ਸਿੰਘ ਉਰਫ਼ ਗਿਆਨੀ ਉਰਫ਼ ਫਤਿਹ ਖ਼ਿਲਾਫ਼ 16 ਕੇਸ ਦਰਜ ਹਨ। ਸ਼੍ਰੀ ਦੇਵੀ ਤਾਲਾਬ ਮੰਦਰ ਵਿਖੇ ਪਿਛਲੇ ਮਹੀਨੇ ਹੋਏ ਵਿਵਾਦ ਵਿੱਚ ਦੋਵਾਂ ਮੁਲਜ਼ਮਾਂ ਦੀ ਸ਼ਮੂਲੀਅਤ ਬਾਰੇ ਪੁੱਛੇ ਜਾਣ ’ਤੇ ਏ. ਡੀ. ਸੀ. ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਅਦਾਲਤ ਨੇ ਦੋਵਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ, ਜਿਸ ਦੌਰਾਨ ਦੋਵਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਜੇਕਰ ਉਕਤ ਵਿਵਾਦ ਵਿੱਚ ਸ਼ਾਮਲ ਪਾਏ ਗਏ ਤਾਂ ਵੱਖਰਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਪਾਈ ਜਾਵੇਗੀ। ਦੱਸਣਯੋਗ ਹੈ ਕਿ ਅਗਸਤ ਮਹੀਨੇ ਦੌਰਾਨ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਮੇਅਰ ਵਿਨੀਤ ਧੀਰ ਵਲੋਂ ਕੱਢੀ ਗਈ ਸ਼ੁਕਰਾਨਾ ਯਾਤਰਾ ਦੌਰਾਨ ਫਤਿਹ ਗੈਂਗ ਤੇ ਭਾਨਾ ਗੈਂਗ ਵਿਚਕਾਰ ਲੜਾਈ ਹੋ ਗਈ ਸੀ, ਜਿਸ ਦੌਰਾਨ ਇੱਟਾਂ-ਪੱਥਰ ਚੱਲੇ ਸਨ। ਪੁਲਿਸ ਨੇ ਉਸ ਵੇਲੇ ਕਿਹਾ ਸੀ ਕਿ ਘਟਨਾ ਵਿਚ ਕਿਸੇ ਗੈਂਗ ਦੀ ਸ਼ਮੂਲੀਅਤ ਬਾਰੇ ਤੱਥਾਂ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ’ਚ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਵੀ ਕੀਤੀ ਸੀ ਪਰ ਉਹ ਕਾਬੂ ਨਹੀਂ ਆ ਸਕੇ ਸਨ।