ਯੂਥ ਅਕਾਲੀ ਆਗੂ ਗਗਨਦੀਪ ਸਿੰਘ ਗੱਗੀ ਨੇ ਜਲੰਧਰ ਛਾਉਣੀ ਹਲਕੇ ਤੋਂ ਪੇਸ਼ ਕੀਤੀ ਆਪਣੀ ਦਾਅਵੇਦਾਰੀ
ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਛਾਉਣੀ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਭਾਵਿਤ ਉਮੀਦਵਾਰ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਕੜੀ ’ਚ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਨੇ ਜਲੰਧਰ ਛਾਉਣੀ ਹਲਕੇ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਸ਼ਹਿਰੀ ਸਿੱਖਾਂ ਦੀ ਨੁਮਾਇੰਦਗੀ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਹੈ।
ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਛਾਉਣੀ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਭਾਵਿਤ ਉਮੀਦਵਾਰ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਕੜੀ ’ਚ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਨੇ ਜਲੰਧਰ ਛਾਉਣੀ ਹਲਕੇ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਸ਼ਹਿਰੀ ਸਿੱਖਾਂ ਦੀ ਨੁਮਾਇੰਦਗੀ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਹੈ। ਗੱਗੀ ਦਾ ਤਰਕ ਹੈ ਕਿ ਜਲੰਧਰ ਛਾਉਣੀ ਹਲਕੇ ਵਿੱਚ ਸ਼ਹਿਰੀ ਖੇਤਰ ਦੇ ਸਿੱਖ ਵੋਟਰਾਂ ਅਤੇ ਨੌਜਵਾਨ ਵਰਗ ਦੀ ਮੌਜੂਦਗੀ ਨੂੰ ਦੇਖਦਿਆਂ ਪਾਰਟੀ ਨੂੰ ਸ਼ਹਿਰੀ ਸਿੱਖ ਚਿਹਰੇ ਨੂੰ ਮੌਕਾ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਹਿਰੀ ਸਿੱਖਾਂ ਦੀ ਸਿਆਸੀ ਨੁਮਾਇੰਦਗੀ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਨਾਲ ਪਾਰਟੀ ਦੇ ਸਥਾਨਕ ਆਧਾਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਗੱਗੀ ਨੇ ਕਿਹਾ ਕਿ ਕਦੇ ਅਕਾਲੀ ਦਲ ਦੀ ਸਿਆਸਤ ਵਿੱਚ ਸਰਗਰਮ ਰਹੇ ਗੁਰਚਰਨ ਸਿੰਘ ਚੰਨੀ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਹੁਣ ਜਦੋਂ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ ਤਾਂ ਅਜਿਹੇ ਵਿੱਚ ਸ਼ਹਿਰੀ ਸਿੱਖਾਂ ਦੇ ਪੈਦਾ ਹੋਏ ਖਲਾਅ ਨੂੰ ਪੂਰਿਆ ਜਾਣਾ ਬੇਹੱਦ ਜ਼ਰੂਰੀ ਹੈ ਤੇ ਖਾਸ ਕਰਕੇ ਸ਼ਹਿਰੀ ਸਿੱਖਾਂ ਅੰਦਰ ਪੈਦਾ ਹੋ ਰਹੀ ਬੇਗਾਨਗੀ ਦੀ ਭਾਵਨਾ ਦੂਰ ਕਰਨ ਦੀ ਬੇਹੱਦ ਲੋੜ ਹੈ ਇਸੇ ਪਿਛੋਕੜ ਵਿੱਚ ਗੱਗੀ ਵਲੋਂ ਆਪਣੇ ਆਪ ਨੂੰ ਸ਼ਹਿਰੀ ਸਿੱਖ ਨੁਮਾਇੰਦਗੀ ਦੇ ਚਿਹਰੇ ਵਜੋਂ ਪੇਸ਼ ਕਰਨਾ ਅਕਾਲੀ ਦਲ ਦੀ ਅੰਦਰੂਨੀ ਰਾਜਨੀਤੀ ’ਚ ਮਹੱਤਵਪੂਰਨ ਗੱਲ ਵਜੋਂ ਦੇਖਿਆ ਜਾ ਰਿਹਾ ਹੈ। ਗੱਗੀ ਨਾਲ ਜੁੜੇ ਆਗੂਆਂ ਦਾ ਮੰਨਣਾ ਹੈ ਕਿ ਜਲੰਧਰ ਛਾਉਣੀ ਵਿੱਚ ਸ਼ਹਿਰੀ ਸਿੱਖ ਵੋਟਰਾਂ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਨੂੰ ਉਮੀਦਵਾਰ ਦੀ ਚੋਣ ਸਮੇਂ ਸਥਾਨਕ ਸਮਾਜਿਕ ਅਤੇ ਸਿਆਸੀ ਸਮੀਕਰਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਦੀ ਦਾਅਵੇਦਾਰੀ ਦਾ ਮੁੱਖ ਆਧਾਰ ਨੌਜਵਾਨ ਚਿਹਰਾ, ਸ਼ਹਿਰੀ ਸਿੱਖ ਨੁਮਾਇੰਦਗੀ ਅਤੇ ਹਲਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦਾ ਦਾਅਵਾ ਦੱਸਿਆ ਜਾ ਰਿਹਾ ਹੈ। ਹੁਣ ਸਾਰੀਆਂ ਨਜ਼ਰਾਂ ਅਕਾਲੀ ਦਲ ਦੀ ਹਾਈਕਮਾਨ ’ਤੇ ਟਿਕੀਆਂ ਹਨ ਕਿ ਜਲੰਧਰ ਛਾਉਣੀ ਹਲਕੇ ਲਈ ਉਮੀਦਵਾਰ ਦੀ ਚੋਣ ਕਰਦਿਆਂ ਗੱਗੀ ਦੀ ਦਾਅਵੇਦਾਰੀ ਅਤੇ ਸ਼ਹਿਰੀ ਸਿੱਖ ਨੁਮਾਇੰਦਗੀ ਨਾਲ ਜੁੜੇ ਇਸ ਮੁੱਦੇ ਨੂੰ ਕਿੰਨੀ ਤਵੱਜੋ ਦਿੱਤੀ ਜਾਂਦੀ ਹੈ, ਜਦਕਿ ਪਾਰਟੀ ਵਲੋਂ ਪਹਿਲਾਂ ਹੀ ਨੌਜਵਾਨ ਆਗੂ ਹਰਜਾਪ ਸਿੰਘ ਸੰਘਾਂ ਨੂੰ ਜਲੰਧਰ ਛਾਉਣੀ ਹਲਕੇ ਦਾ ਇੰਚਾਰਜ ਲਗਾਇਆ ਗਿਆ ਹੈ ਤੇ ਉਹ ਪਿਛਲੇ ਕਾਫੀ ਸਮੇਂ ਤੋਂ ਹਲਕੇ ਵਿੱਚ ਸਰਗਰਮ ਹਨ