ਮਾਈ ਹੀਰਾਂ ਗੇਟ ਦੀਆਂ 5 ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਬੰਦ ਪਈ ਇਮਾਰਤ ਰਾਹੀਂ ਛੱਤ ’ਤੇ ਚੜ੍ਹੇ ਚੋਰ
ਜਲੰਧਰ, 5 ਅਕਤੂਬਰ (ਜਤਿੰਦਰ ਪੰਮੀ)-ਸ਼ਹਿਰ ਦੀ ਪ੍ਰਸਿੱਧ ਕਿਤਾਬਾਂ ਦੀ ਮਾਰਕੀਟ ਮਾਈ ਹੀਰਾਂ ਗੇਟ ਵਿਖੇ ਐਤਵਾਰ ਦੀ ਰਾਤ ਚੋਰਾਂ ਨੇ ਇਕੱਠੀਆਂ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰ ਸਾਰੀਆਂ ਦੁਕਾਨਾਂ ’ਚ ਪਈ ਨਕਦੀ ਲੈ ਕੇ ਫਰਾਰ ਹੋ ਗਏ।
ਜਲੰਧਰ, 5 ਅਕਤੂਬਰ (ਜਤਿੰਦਰ ਪੰਮੀ)-ਸ਼ਹਿਰ ਦੀ ਪ੍ਰਸਿੱਧ ਕਿਤਾਬਾਂ ਦੀ ਮਾਰਕੀਟ ਮਾਈ ਹੀਰਾਂ ਗੇਟ ਵਿਖੇ ਐਤਵਾਰ ਦੀ ਰਾਤ ਚੋਰਾਂ ਨੇ ਇਕੱਠੀਆਂ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰ ਸਾਰੀਆਂ ਦੁਕਾਨਾਂ ’ਚ ਪਈ ਨਕਦੀ ਲੈ ਕੇ ਫਰਾਰ ਹੋ ਗਏ। ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੇ ਪੀੜਤ ਦੁਕਾਨਦਾਰਾਂ ਦੀ ਸ਼ਿਕਾਇਤ ’ਤੇ ਮੌਕਾ ਦੇਖਣ ਉਪਰੰਤ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਚੋਰਾਂ ਨੇ ਐਨਕਾਂ, ਸਟੇਸ਼ਨਰੀ, ਕੱਪੜੇ ਅਤੇ ਕਿਤਾਬਾਂ ਦੀਆਂ ਦੁਕਾਨਾਂ ਅੰਦਰ ਛੱਤ ਰਾਹੀਂ ਦਾਖਲ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ। ਸੀ. ਸੀ. ਟੀ. ਵੀ ਫੁਟੇਜ ’ਚ ਘਟਨਾ ਦਾ ਸਮਾਂ ਐਤਵਾਰ ਅੱਧੀ ਰਾਤ ਤੋਂ ਬਾਅਦ 2.30 ਵਜੇ ਆ ਰਿਹਾ ਹੈ, ਜਿਸ ’ਚ ਤਿੰਨ ਵਿਅਕਤੀ ਕਿਤਾਬਾਂ ਦੀ ਦੁਕਾਨ ਅੰਦਰ ਦਾਖਲ ਹੁੰਦੇ ਨਜ਼ਰ ਆ ਰਹੇ ਹਨ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰਾਂ ਮੁਨੀਸ਼ ਰਖੇਜਾ ਤੇ ਅਰੁਣ ਰਖੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਦੁਕਾਨਾਂ ਵਿਚ ਚੋਰੀ ਹੋਣ ਬਾਰੇ ਬਾਜ਼ਾਰ ਨੇੜੇ ਰਹਿੰਦੇ ਲੋਕਾਂ ਵਲੋਂ ਦੱਸਿਆ ਗਿਆ। ਜਦੋਂ ਦੁਕਾਨਾਂ ’ਤੇ ਜਾ ਕੇ ਦੇਖਿਆ ਤਾਂ ਚੋਰਾਂ ਨੇ ਵੱਖ-ਵੱਖ ਦੁਕਾਨਾਂ ’ਚੋਂ ਗੱਲਿਆਂ ’ਚ ਰੱਖੀ ਰਾਸ਼ੀ 18000, 3500, 5000 ਅਤੇ ਹੋਰ ਵੀ ਚੋਰੀ ਕਰ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰ ਬਾਜ਼ਾਰ ’ਚ ਬੰਦ ਪਈ ਪੁਰਾਣੀ ਇਮਾਰਤ ਦੀਆਂ ਖਿੜਕੀਆਂ ਰਸਤੇ ਛੱਤ ’ਤੇ ਚੜ੍ਹੇ ਅਤੇ ਉਥੋਂ ਛੱਤ ਰਾਹੀਂ ਹੀ ਪਹਿਲਾਂ ਐਨਕਾਂ ਦੀ ਦੁਕਾਨ ਅੰਦਰ, ਫਿਰ ਸਟੇਸ਼ਨਰੀ ਦੀ ਦੁਕਾਨ ਅਤੇ ਇਸੇ ਤਰ੍ਹਾਂ ਕਿਤਾਬਾਂ ਦੀਆਂ ਦੁਕਾਨਾਂ ਅੰਦਰ ਦਾਖਲ ਹੋਏ। ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਪੁਲਿਸ ਨੇ ਮੌਕਾ ਦੇਖ ਕੇ ਕੇਸ ਦਰਜ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਓਧਰ ਥਾਣਾ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਚੋਰੀ ਦੇ ਮਾਮਲੇ ’ ਚ ਪੀੜਤ ਦੁਕਾਨਦਾਰਾਂ ਦੇ ਬਿਆਨ ਲੈ ਕੇ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਦੇਖਣ ਦੇ ਨਾਲ ਹੀ ਹੋਰ ਢੰਗਾਂ ਰਾਹੀਂ ਜਾਂਚ ਕੀਤੀ ਜਾ ਰਹੀ ਹੈ।