ਮੁੱਖ ਮੰਤਰੀ, ਵਿੱਤ ਮੰਤਰੀ ਦੇ ਨਾਂਅ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਜਲੰਧਰ, 12 ਅਕਤੂਬਰ (ਸ਼ਿਵ)- ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ (ਰਜਿਸਟ੍ਰੇਸ਼ਨ ਨੰਬਰ 31) ਨੇ ਪੰਜਾਬ ਸਰਕਾਰ ਤੋਂ ਸੂਬੇ ਵਿਚ ਸੀ. ਐਨ.
ਜਲੰਧਰ, 12 ਅਕਤੂਬਰ (ਸ਼ਿਵ)- ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ (ਰਜਿਸਟ੍ਰੇਸ਼ਨ ਨੰਬਰ 31) ਨੇ ਪੰਜਾਬ ਸਰਕਾਰ ਤੋਂ ਸੂਬੇ ਵਿਚ ਸੀ. ਐਨ. ਜੀ. ਗੈਸ ’ਤੇ ਲਾਗੂ 14.3 ਫ਼ੀਸਦੀ ਵੈਲਿਊ ਐਡਿਡ ਟੈਕਸ (ਵੈਟ) ਦੀ ਦਰ ਘਟਾ ਕੇ ਜ਼ੀਰੋ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਟੈਕਸੀ ਚਾਲਕਾਂ, ਟੈਕਸੀ ਮਾਲਕਾਂ ਅਤੇ ਵਪਾਰਕ ਵਾਹਨ ਆਪਰੇਟਰਾਂ ਨੂੰ ਵਧ ਰਹੇ ਬਾਲਣ ਖ਼ਰਚਿਆਂ ਤੋਂ ਰਾਹਤ ਦੇਣ ਲਈ ਇਸ ਮੰਗ ’ਤੇ ਜਲਦ ਫ਼ੈਸਲਾ ਲਿਆ ਜਾਵੇ। ਇਸ ਬਾਰੇ ਅੱਜ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਜਲੰਧਰ ਦੇ ਪ੍ਰਧਾਨ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਟੈਕਸੀ ਅਤੇ ਟਰਾਂਸਪੋਰਟ ਉਦਯੋਗ ਵਧਦੀਆਂ ਈਂਧਨ ਕੀਮਤਾਂ, ਵਾਹਨਾਂ ਦੀ ਸਾਂਭ-ਸੰਭਾਲ ਅਤੇ ਹੋਰ ਸੰਚਾਲਨ ਖ਼ਰਚਿਆਂ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਹਾਲਾਤ ਵਿਚ ਇਸ ਗੈਸ ’ਤੇ ਵੈਟ ਘਟਾਉਣ ਨਾਲ ਟੈਕਸੀ ਚਾਲਕਾਂ ਅਤੇ ਮਾਲਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਯੂਨੀਅਨ ਦੇ ਜਲੰਧਰ ਪ੍ਰਧਾਨ ਕੁਲਦੀਪ ਸਿੰਘ ਭੋਲਾ, ਜਸਬੀਰ ਸਿੰਘ ਲਾਡੀ, ਸੰਜੇ ਸ਼ਰਮਾ ਤੇ ਹੋਰ ਟੈਕਸੀ ਆਪੇ੍ਟਰਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਗੈਸ ’ਤੇ ਵੈਟ ਦੀ ਦਰ ਜ਼ੀਰੋ ਕਰਦੀ ਹੈ, ਤਾਂ ਟੈਕਸੀ ਚਾਲਕਾਂ ਦੇ ਰੋਜ਼ਾਨਾ ਅਤੇ ਮਹੀਨਾਵਾਰ ਖ਼ਰਚਿਆਂ ਵਿਚ ਕਮੀ ਆ ਸਕਦੀ ਹੈ। ਇਸ ਨਾਲ ਪੰਜਾਬ ਵਿਚ ਹੀ ਇਸ ਗੈਸ ਦੀ ਖ਼ਰੀਦ ਨੂੰ ਉਤਸ਼ਾਹ ਮਿਲੇਗਾ, ਟਰਾਂਸਪੋਰਟ ਕਾਰੋਬਾਰ ਨੂੰ ਮਜ਼ਬੂਤੀ ਮਿਲੇਗੀ ਅਤੇ ਵਾਤਾਵਰਣ-ਅਨੁਕੂਲ ਬਾਲਣ ਦੀ ਵਰਤੋਂ ਨੂੰ ਵੀ ਹੁਲਾਰਾ ਮਿਲ ਸਕਦਾ ਹੈ।