ਪ੍ਰਗਤੀਸ਼ੀਲ ਲੇਖਕ ਸੰਘ ਨੇ ਪਾਸ਼ ਯਾਦਗਾਰ ਦੀ ਸੁਰੱਖਿਆ ਅਤੇ ਬਹਾਲੀ ਦੀ ਕੀਤੀ ਮੰਗ
ਕਿਹਾ- ਉਹ ਦਿੱਲੀ ਜੰਤਰ-ਮੰਤਰ ਵਿਖੇ ਕੀਤੇ ਜਾ ਰਹੇ ਸੰਘਰਸ਼ ਦਾ ਪੂਰਨ ਸਮਰਥਨ ਕਰਦੇ ਹਨ
ਜਲੰਧਰ, 12 ਅਕਤੂਬਰ (ਐੱਮ. ਐੱਸ.
ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਪ੍ਗਤੀਸ਼ੀਲ ਲੇਖਕ ਸੰਘ ਵਲੋਂ ਸੂਬਾ ਸਰਕਾਰ ਤੋਂ ਪਾਸ਼ ਯਾਦਗਾਰ ਦੀ ਸੁਰੱਖਿਆ ਅਤੇ ਬਹਾਲੀ ਦੀ ਪੁਰਜੋਰ ਮੰਗ ਕੀਤੀ ਗਈ ਹੈ। ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਇਸ ਸੰਬੰਧੀ ਕੀਤੇ ਗਏ ਇਕ ਪੱਤਰਕਾਰ ਸੰਮੇਲਨ ਦੌਰਾਨ ਸੰਬੋਧਨ ਕਰਦੇ ਹੋਏ ਸੰਸਥਾ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸੂਬਾਈ ਪ੍ਰਧਾਨ ਸੁਰਜੀਤ ਜੱਜ ਨੇ ਕਿਹਾ ਕਿ ਇਨਕਲਾਬੀ ਕਵੀ ਪਾਸ਼ ਦੇ ਪਿੰਡ ਤਲਵੰਡੀ ਸਲੇਮ ’ਚ ਉਸਰੀ ਯਾਦਗਾਰ ’ਤੇ ਕਾਬਜ਼ ਹੋਣ, ਪਾਸ਼ ਦੇ ਜਨਮ ਦਿਨ ਸਮਾਗਮ ਦੀ ਤਿਆਰੀ ’ਚ ਖ਼ਲਲ ਪਾਉਣ, ਕਹਾਣੀਕਾਰ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨਾਲ ਵਾਪਰੀ ਘਟਨਾ ਦੇ ਮੁਲਜ਼ਮ ਵਿਅਕਤੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਲਈ ਚੱਲ ਰਹੇ ਸੰਘਰਸ਼ ਨਾਲ ਇੱਕਜੁਟਤਾ ਪ੍ਰਗਟਾਉਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਹਿਬੂਬ ਕਵੀ ਦੀ ਯਾਦਗਾਰ ਦਾ ਵਿਰਾਸਤੀ ਸਰੂਪ ਬਣਾਈ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਮਜ਼ਦੂਰ ਆਗੂ ‘ਤੇ ਹਮਲੇ ਕਰਨ ਵਾਲੇ ਵਿਅਕਤੀਆਂ ‘ਤੇ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਉਹ ਦਿੱਲੀ ਜੰਤਰ-ਮੰਤਰ ਵਿਖੇ ਭਾਰਤੀ ਚੋਣ ਕਮਿਸ਼ਨਰ ਅਤੇ ਉਸ ਦੀ ਪਿੱਠ ’ਤੇ ਖੜ੍ਹੀ ਤਾਨਾਸ਼ਾਹ ਸਰਕਾਰ ਦੇ ਵਿਰੋਧ ’ਚ ਕੀਤੇ ਜਾ ਰਹੇ ਸੰਘਰਸ਼ ਦਾ ਪੂਰਨ ਸਮਰਥਨ ਕਰਦੇ ਹਨ। ਇਸ ਮੌਕੇ ਸੰਮੇਲਨ ਦੌਰਾਨ ਹਰਮੀਤ ਵਿਦਿਆਰਥੀ, ਸਤਨਾਮ ਸਿੰਘ ਚਾਨਾ ਅਤੇ ਮੱਖਣ ਸਿੰਘ ਮਾਨ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ (ਜਨਰਲ ਸਕੱਤਰ), ਰਾਮੇਸ਼ ਯਾਦਵ (ਅੰਮ੍ਰਿਤਸਰ), ਡਾ. ਅਨੂਪ ਸਿੰਘ, ਸੁੱਚਾ ਸਿੰਘ ਰੰਧਾਵਾ, ਧਰਮਿੰਦਰ ਔਲਖ, ਮਨਦੀਪ ਰਿੰਪੀ, ਜਤਿੰਦਰ ਪੰਮੀ, ਨਵਤੇਸ਼ ਗੜ੍ਹਦੀਵਾਲ, ਅਮਰਿੰਦਰ ਸਿੰਘ ਸੋਹਲ, ਬਲਦੇਵ ਸਿੰਘ ਬੱਲੀ, ਸੁਰਜਨ ਰਾਮ, ਬਲਵਿੰਦਰ ਭੁੱਲਰ, ਕਰਮ ਸਿੰਘ ਵਕੀਲ, ਜਸਪਾਲ ਮਾਨਖੇੜਾ, ਰਣਬੀਰ ਰਾਣਾ, ਸੁਰਜੀਤ ਸਿੰਘ (ਫਤਿਹਗੜ੍ਹ ਚੂੜੀਆਂ), ਸੁਖਦਰਸ਼ਨ ਗਰਗ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਪੰਧੇਰ, ਵਰਗਿਸ ਸਲਾਮਤ ਅਤੇ ਹੋਰ ਹਾਜ਼ਰ ਸਨ।