ਬਸਤੀ ਸ਼ੇਖ ਸਥਿਤ ਕਨਫੈਕਸ਼ਨਰੀ ਦੀ ਦੁਕਾਨ ’ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਬੁੱਧਵਾਰ ਤੜਕਸਾਰ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਸੀ ਅੱਗ
ਜਲੰਧਰ, 21 ਅਕਤੂਬਰ (ਜਤਿੰਦਰ ਪੰਮੀ)-ਬਸਤੀ ਸ਼ੇਖ ਇਲਾਕੇ ’ਚ ਅੱਜ ਸਵੇਰੇ ਤੜਕੇ ਕਨਫੈਕਸ਼ਨਰੀ ਦੀ ਦੁਕਾਨ ’ਚ ਅਚਾਨਕ ਲੱਗੀ ਅੱਗ ਨਾਲ ਉੱਥੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਨਾਲ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਜਲੰਧਰ, 21 ਅਕਤੂਬਰ (ਜਤਿੰਦਰ ਪੰਮੀ)-ਬਸਤੀ ਸ਼ੇਖ ਇਲਾਕੇ ’ਚ ਅੱਜ ਸਵੇਰੇ ਤੜਕੇ ਕਨਫੈਕਸ਼ਨਰੀ ਦੀ ਦੁਕਾਨ ’ਚ ਅਚਾਨਕ ਲੱਗੀ ਅੱਗ ਨਾਲ ਉੱਥੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਨਾਲ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਪੀੜਤ ਦੁਕਾਨਦਾਰ ਸੌਰਵ ਨੇ ਦੱਸਿਆ ਕਿ ਲੰਘੀ ਰਾਤ ਕਰੀਬ 2:30 ਤੋਂ 3:00 ਵਜੇ ਦਰਮਿਆਨ ਉਨ੍ਹਾਂ ਦੀ ਦੁਕਾਨ ਨਾਲ ਲੱਗਦੀ ਦੁਕਾਨ ਵਾਲੇ ਅਤੇ ਸਾਡੀ ਦੁਕਾਨ ‘ਤੇ ਕੰਮ ਕਰਨ ਵਾਲੇ ਲੜਕੇ ਨੇ ਆ ਕੇ ਦੱਸਿਆ ਕਿ ਤੁਹਾਡੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਸੌਰਵ ਨੇ ਦੱਸਿਆ ਕਿ ਇਹ ਦੁਕਾਨ ਉਨ੍ਹਾਂ ਦੋਵਾਂ ਭਰਾਵਾਂ ਕੋਲ ਹੈ, ਜਿਹੜੀ ਕਿ ਉਨ੍ਹਾਂ ਇਸੇ ਸਾਲ ਅਗਸਤ ਵਿੱਚ ਹੀ ਕਿਰਾਏ ‘ਤੇ ਲਈ ਸੀ। ਦੁਕਾਨ ਅੰਦਰ ਕਾਫੀ ਸਾਮਾਨ ਰੱਖਿਆ ਹੋਇਆ ਸੀ ਜੋ ਕਿ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ। ਸੌਰਵ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਦੇਣ ਵਾਸਤੇ ਫ਼ਾਇਰ ਬ੍ਰਿਗੇਡ ਨੂੰ ਘੱਟੋ-ਘੱਟ ਅੱਧਾ-ਪੌਣਾ ਘੰਟਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਡੀਆਂ ਬਹੁਤ ਲੇਟ ਪਹੁੰਚੀਆਂ। ਜੇਕਰ ਉਹ ਸਮੇਂ ਸਿਰ ਪੁੱਜ ਜਾਂਦੇ ਤਾਂ ਕਾਫੀ ਸਾਮਾਨ ਬਚਾਇਆ ਜਾ ਸਕਦਾ ਸੀ। ਫਾਇਰ ਬ੍ਰਿਗੇਡ ਨੇ ਅੱਗ ਨੂੰ ਕਾਬੂ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਫੀ ਸਾਮਾਨ ਸੜ ਚੁੱਕਾ ਸੀ। ਫ਼ਾਇਰ ਬ੍ਰਿਗੇਡ ਦੀਆਂ ਕਰੀਬ ਦੋ ਗੱਡੀਆਂ ਮੌਕੇ ‘ਤੇ ਆਈਆਂ ਸਨ। ਪੀੜਤ ਦੁਕਾਨਦਾਰ ਸੌਰਵ ਨੇ ਦੱਸਿਆ ਕਿ ਅੱਗ ਲੱਗਣ ਕਾਰਨ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਓਧਰ ਘਟਨਾ ਦੀ ਸੂਚਨਾ ਮਿਲਣ ’ਤੇ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਤੇ ਥਾਣਾ ਡਵੀਜ਼ਨ ਨੰਬਰ-5 ਦੇ ਮੁਖੀ ਸੰਜੀਵ ਸੂਰੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।