08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮੋਬਾਈਲ ਤੋਂ ਤੌਬਾ

ਮੋਬਾਈਲ ਤੋਂ ਤੌਬਾ

Ad Position 21
No active advertisement
ਅਜੀਤ ਡੈਸਕ 09-08-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਤਾਏ ਦੇ ਫੋਨ ਤੇ ਦੋ ਤਿੰਨ ਕਾਲਾਂ ਆਈਆਂ, ਸਾਧ ਤਾਈ ਵਾਲਾ ਫਾਰਮੂਲਾ ਵਰਤਦਿਆ ਕਹਿ ਦਿੰਦਾ, ਕਿ ਤਾਇਆ ਸੁੱਤਾ ਪਿਆ, ਤੇ ਫੋਨ ਕੱਟ ਦਿੰਦਾ। ਜਦ ਤਾਏ ਦੀ ਅੱਖ ਖੁੱਲ੍ਹੀ ਤਾਂ ਮੋਬਾਈਲ ਦੇਖਣ ਲੱਗਿਆ, ਮੋਬਾਈਲ ਨਾ ਦੇਖ ਕੇ ਤਾਇਆ ਭੁਮੱਤਰ ਗਿਆ, 'ਕਿੱਥੇ ਗਿਆ ਮੈਂ ਤਾਂ ਇਥੇ ਹੀ ਰੱਖਿਆ ਸੀ।' ਤਾਈ ਨੂੰ ਹਾਕ ਮਾਰ ਕੇ ਪੁੱਛਿਆ, 'ਮੇਰਾ ਮੋਬਾਈਲ ਕੌਣ ਲੈ ਗਿਆ, ਅੰਦਰ ਤਾਂ ਨੀ ਰੱਖਤਾ।' ਅੱਗੋਂ ਤਾਈ ਕਹਿੰਦੀ, 'ਮੈਨੂੰ ਨੀ ਪਤਾ ਤੇਰੇ ਮੋਬਾਈਲ ਦਾ, ਤੈਨੂੰ ਹੀ ਪਤਾ ਹੋਊ, ਕਿੱਥੇ ਰੱਖਿਆ ਐ?'
'ਹੱਦ ਹੋਗੀ, ਮੈਂ ਇੱਥੇ ਹੀ ਰੱਖਿਆ ਸੀ, ਉੱਡ ਕੇ ਚੱਲਿਆ ਗਿਆ ਕਿਤੇ।' ਤਾਈ ਕਹਿੰਦੀ, 'ਕਿਤੇ ਟਿਊਸ਼ਨ ਪੜ੍ਹਨ ਵਾਲੇ ਬੱਚੇ ਤਾਂ ਨੀ ਲੈ ਗਏ।' ਤਾਇਆ ਕਾਹਲੀ-ਕਾਹਲੀ ਇਕ ਦੋ ਘਰਾਂ 'ਚ ਪੁੱਛਣ ਗਿਆ। ਅੱਗੋਂ ਅਗਲੇ ਚਾਰ ਪੈਰ ਚੁੱਕ ਕੇ ਪੈ ਗਏ, 'ਅਸੀਂ ਤਾਂ ਤੇਰੇ ਕੋਲ ਬੱਚੇ ਪੜ੍ਹਨ ਲਾਏ ਸੀ, ਕਿ ਚੰਗੇ ਨੰਬਰ ਲੈ ਕੇ ਪਾਸ ਹੋ ਜਾਣਗੇ। ਤੂੰ ਸਾਡੇ ਬੱਚਿਆਂ 'ਤੇ ਚੋਰੀ ਕਰਨ ਦਾ ਇਲਜ਼ਾਮ ਲਾ ਰਿਹਾਂ। ਅਸੀਂ ਬੱਚੇ ਹੀ ਹਟਾ ਲਵਾਂਗੇ। ਕੱਲ੍ਹ ਨੂੰ ਕੋਈ ਹੋਰ ਚੀਜ਼ ਇਹਨਾਂ ਦੇ ਨਾਂਅ ਲਾਵੇਂਗਾ। ਅਸੀਂ ਧਿਆਏ ਇਹੋ ਜਿਹੀ ਟਿਊਸ਼ਨ ਤੋਂ, ਤਾਇਆ ਬੇਇੱਜ਼ਤੀ ਕਰਵਾ ਕੇ ਆ ਗਿਆ।
ਤਾਈ ਤਾਏ ਨੂੰ ਦੇਖ ਕੇ ਅੰਦਰੋਂ ਅੰਦਰ ਕਪਾਹ ਵਾਂਗੂ ਖਿੜੀ ਜਾਵੇ, ਹੁਣ ਪਤਾ ਲੱਗੂ ਇਹਨੂੰ ਮੈਨੂੰ ਟਿੱਚ ਸਮਝਦਾ ਸੀ। ਫੇਰ ਨਾਟਕ ਕਰਦੀ ਕਹਿੰਦੀ ਕਿਤੇ ਜੀਤੋ ਤਾਂ ਨਹੀਂ ਲੈ ਗਈ, ਗੋਹਾ ਕੂੜਾ ਕਰਨ ਆਈ। ਮੈਂ ਤਾਂ ਅੰਦਰ ਸੀ, ਤਾਇਆ ਝੱਟ ਦਰਵਾਜ਼ਾ ਖੋਲ੍ਹ ਕੇ ਜੀਤੋ ਦੇ ਘਰ ਨੂੰ ਭੱਜ ਲਿਆ, ਤਾਈ ਮਗਰੋਂ ਹੱਥ ਤੇ ਹੱਥ ਮਾਰ ਕੇ ਹੱਸੀ ਜਾਵੇ। ਐਨਾ ਤਾਂ ਮੇਰੇ ਪੇਕੇ ਗਈ 'ਤੇ ਨੀ ਭੱਜਿਆ ਆਉਂਦਾ ਮੇਰੇ ਪਿੱਛੇ, ਜਿੰਨਾ ਮੋਬਾਈਲ ਪਿੱਛੇ ਭੱਜਿਆ ਫਿਰਦਾ।
ਜਦ ਤਾਇਆ ਜੀਤੋ ਦੇ ਘਰ ਜਾ ਕੇ ਹੌਲੀ ਦੇ ਕੇ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ, ਤਾਂ ਜੀਤੋ ਕਹਿੰਦੀ, 'ਤਾਇਆ, ਗੋਹਾ ਕੂੜਾ ਤਾਂ ਮੈਂ ਕਦੋਂ ਦੀ ਕਰ ਆਈ ਆਂ, ਤੂੰ ਸੁੱਤਾ ਪਿਆ ਸੀ।' ਤਾਇਆ ਕਹਿੰਦਾ ਉਹ ਤਾਂ ਭਾਈ ਠੀਕ ਹੈ, ਮੇਰਾ ਮੋਬਾਈਲ ਨੀ ਮਿਲ ਰਿਹਾ ਮੈਂ ਕਿਹਾ, ਮੈਂ ਜੀਤੋ ਨੂੰ ਪੁੱਛ ਆਵਾਂ। ਅੱਗੋ ਉਹ ਚਾਰੇ ਪੈਰ ਚੱਕ ਕੇ ਪੈ ਗਈ, 'ਤਾਇਆ ਬੇਸ਼ੱਕ ਮੈਂ ਲੋਕਾਂ ਦੇ ਘਰਾਂ ਦਾ ਗੋਹ ਕੂੜਾ ਕਰਕੇ ਬੱਚੇ ਪਾਲਦੀ ਹਾਂ, ਪਰ ਮੈਂ ਚੋਰੀ ਨੀ ਕਰਦੀ, ਮੈਂ ਤਾਂ ਤੁਹਾਡਾ ਗੋਹਾ ਕੂੜਾ ਚੁੱਕਣਾ ਬੰਦ ਕਰ ਦੇਣਾ ਕੱਲ੍ਹ ਨੂੰ, ਕੋਈ ਹੋਰ ਚੀਜ਼ ਮੇਰੇ ਸਿਰ ਲਾਵੇਂਗਾ।' ਤਾਇਆ ਕਹਿੰਦਾ, 'ਨਾ ਭਾਈ ਇਹ ਕੰਮ ਨਾ ਕਰੀਂ, ਤੇਰੀ ਤਾਈ ਮੇਰੇ ਨਾਲ ਕੁੱਤੇਖਾਣੀ ਕਰੂ, ਮੈਂ ਤਾਂ ਸੁਭੈਕੀ ਆ ਗਿਆ।' ਤਾਇਆ ਬੇਇੱਜ਼ਤੀ ਕਰਵਾ ਕੇ ਮੀਂਹ ਵਿਚ ਭਿੱਜੇ ਕਾਂ ਵਰਗਾ ਲੱਗਦਾ ਸੀ।
ਕੌਣ ਲੈ ਗਿਆ ਮੋਬਾਈਲ? ਤਾਏ ਦਾ ਦਿਲ ਹਾਮਕਾਮ ਹੋਣ ਲੱਗਾ। ਜਦ ਤਾਇਆ ਘਰ ਆਇਆ, ਤਾਈ ਤੋਂ ਤਾਏ ਦੀ ਹਾਲਤ ਦੇਖੀ ਨਾ ਗਈ, 'ਵੇਖ ਕਿਵੇਂ ਬਿੱਲੀ ਦੇ ਬਲੂੰਗੜੇ ਵਰਗਾ ਭੋਰਾ ਕੁ ਮੂੰਹ ਕੀਤਾ। ਹੱਸਦੀ ਹੋਈ ਕਹਿੰਦੀ ਹੁਣ ਤਾਂ ਟਿੱਕ ਕੇ ਬੈਠੇਂਗਾ।' ਤਾਏ ਦਾ ਦਿਲ ਨਾ ਖੜ੍ਹਿਆ। ਤਾਇਆ ਸਾਈਕਲ ਚੁੱਕ ਕੇ ਨਹਿਰ ਦੇ ਪੁਲ ਦੇ ਠੇਕੇ ਤੋਂ ਅਧੀਆ ਲੈਣ ਚਲਾ ਗਿਆ।
ਜਦ ਤਾਏ ਨੇ ਠੇਕੇ ਤੇ ਜਾ ਕੇ ਸਾਈਕਲ ਸਟੈਂਡ 'ਤੇ ਲਾਇਆ, ਇਕ ਸਾਧ ਅਧੀਆ ਖੋਲ੍ਹੀ ਬੈਠਾ, ਤਾਈ ਦੀਆਂ ਮਿੱਸੀਆਂ ਰੋਟੀਆਂ 'ਤੇ ਰੱਖੇ ਅਚਾਰ ਨਾਲ ਪੈੱਗ ਲਾਈ ਜਾਵੇ। ਇੰਨੇ ਨੂੰ ਤਾਏ ਦਾ ਮੋਬਾਈਲ ਵੱਜਿਆ, ਮੂੰਹ ਵਿਚ ਬੁਰਕੀ ਪਾਈ ਸਾਧ ਨੇ ਅਚਨਚੇਤ ਹੀ ਕਹਿ ਦਿੱਤਾ, 'ਤਾਇਆ ਸੁੱਤਾ ਪਿਆ ਬਾਅਦ ਵਿਚ ਗੱਲ ਕਰਵਾਉਨਾ।' ਤਾਏ ਨੂੰ ਸ਼ੱਕ ਪੈ ਗਿਆ, ਤਾਇਆ ਕਹਿੰਦਾ, 'ਬਾਬਾ ਜੀ ਆਹ ਮਾੜਾ ਜਿਹਾ ਫੋਨ ਦਿਖਾਈਂ।' ਸਾਧ ਡਰ ਗਿਆ। ਰੋਟੀ ਹਲਕ ਵਿਚ ਫਸ ਗਈ। ਅਜੇ ਆਪਣੇ ਚੋਲੇ ਦੀ ਜੇਬ ਵਿਚ ਪਾਉਣ ਹੀ ਲੱਗਾ ਸੀ, ਤਾਏ ਨੇ ਝੱਪਟ ਮਾਰ ਕੇ ਫੋਨ ਖੋਹ ਲਿਆ, ਤੇਰੀ ਉਏ ਪੂਪਨੇ ਸਾਧ ਦੀ...।' ਸਾਧ ਨੇ ਕਿਹਾ, 'ਤੇਰੀ ਘਰਵਾਲੀ ਨੇ ਹੀ ਦਿੱਤਾ ਸੀ, ਮੈਂ ਚੋਰੀ ਨਹੀਂ ਕੀਤਾ।'
ਸਾਧ ਰੋਟੀਆਂ ਅਤੇ ਅਧੀਆ ਛੱਡ ਕੇ ਭੱਜ ਗਿਆ। ਡਰਦਾ ਜੁੱਤੀ ਵੀ ਨਾ ਪਾ ਸਕਿਆ। ਤਾਏ ਨੇ ਸਾਧ ਦਾ ਅਧੀਆ ਚੁੱਕਿਆ ਤੇ ਘਰ ਆ ਗਿਆ। ਤਾਈ ਕਹਿੰਦੀ, 'ਹੁਣ ਕਿੱਥੇ ਗਿਆ ਸੀ?' ਤਾਇਆ ਕਹਿੰਦਾ, 'ਮੋਬਾਈਲ ਲੈ ਕੇ ਆਇਆਂ', ਹੱਕੀ ਬੱਕੀ ਤਾਈ ਕਹਿੰਦੀ, 'ਤੂੰ ਤਾਂ ਠੇਕੇ 'ਤੇ ਗਿਆ ਸੀ।' ਤਾਏ ਨੇ ਸਾਈਕਲ ਖੜ੍ਹਾ ਕੇ ਤਾਈ ਨੂੰ ਕਿਹਾ, 'ਮੈਨੂੰ ਪਾਣੀ ਦੀ ਗੜਵੀ ਫੜਾ ਦੇ ਨਾਲੇ ਕੌਲੀ ਵਿਚ ਥੋੜ੍ਹਾ ਜਿਹਾ ਅੰਬ ਦਾ ਅਚਾਰ ਲਿਆਈਂ।' ਤਾਏ ਨੇ ਪਹਿਲਾ ਮੋਟਾ ਜਿਹਾ ਪੈੱਗ ਲਾਇਆ, ਤਾਈ ਕਹਿੰਦੀ, 'ਮੋਬਾਈਲ ਕਿੱਥੋਂ ਮਿਲਿਆ?' ਤਾਇਆ ਕਹਿੰਦਾ, 'ਜਿਹੜੇ ਸਾਧ ਨੂੰ ਤੂੰ ਦਿੱਤਾ ਸੀ, ਆਹ ਅਧੀਆ ਵੀ ਉਹਦਾ ਹੀ ਹੈ, ਸਾਲਾ ਛੱਡ ਕੇ ਭੱਜ ਗਿਆ।' ਤਾਈ ਕਹਿੰਦੀ, 'ਉਹਦਾ ਨੀ ਇਹ ਤਾਂ ਮੈਂ ਉਹਨੂੰ ਦੋ ਸੌ ਰੁਪਈਆ ਦਿੱਤਾ ਸੀ ਕਿ ਪਿੰਡ ਵਿਚੋਂ ਭੱਜ ਜਾ।' ਤਾਏ ਦਾ ਪਹਿਲਾ ਪੈੱਗ ਲਾਇਆ ਉਵੇਂ ਗਿਆ। ਤਾਇਆ ਬੇਵੱਸ ਹੋਇਆ ਕਹਿੰਦਾ, 'ਆਹ ਫੜ ਮੋਬਾਈਲ ਨਸੀਬ ਕੁਰੇ, ਅੱਗੇ ਤੋਂ ਮੈਨੂੰ ਵੇਖਣ ਲਈ ਨਹੀਂ ਦੇਣਾਂ ਤਾਂ ਨਾਂ ਦੇਈਂ। ਅੱਜ ਤੋਂ ਕਿਸੇ ਨੂੰ ਮੋਬਾਈਲ ਤੇ ਰੁਪਏ ਨਾ ਦੇਈਂ, ਰੱਬ ਦਾ ਵਾਸਤਾ। ਮੋਬਾਈਲ ਤੋਂ ਤੌਬਾ ਮੇਰੇ ਪਿਉ ਦੀ ਤੌਬਾ ਤੂੰ ਤਾਂ ਮੋਬਾਈਲ ਦੇ ਨਾਲ ਸਾਧ ਨੂੰ ਰੁਪਏ ਵੀ ਦੇਣ ਲੱਗ ਗਈ।'
ਤਾਈ ਮੋਬਾਈਲ ਫੜਦੀ ਹੱਸਦੀ ਹੋਈ ਮੂੰਹ ਵਿਚ ਕਹਿੰਦੀ, 'ਉਂਝ ਤਾਂ ਨਸੀਬ ਕੁਰੇ ਤੇਰੀ ਸਕੀਮ ਰਾਸ ਆ ਗਈ, ਬਿਸ਼ਨ ਸਿਉਂ ਨੂੰ ਤੀਵੀਆਂ ਵਾਲੇ ਚਾਰ ਸੌ ਚਾਰ ਚਰਿੱਤਰ 'ਚੋਂ ਅਜੇ ਤਾਂ ਇਕੋ ਵਿਖਾਇਆ। ਬੜੀ ਛੇਤੀ ਹੱਥ ਖੜ੍ਹੇ ਕਰ ਗਿਆ ਤੇਰੇ ਮੂਹਰੇ।' (ਸਮਾਪਤ)
-ਮੋਬਾਈਲ : 94636-56728

Ad Position 22
No active advertisement
ਪਿਛਲੀ ਖ਼ਬਰ ਲੁੱਟ - ਖੋਹ ਦੀ ਵਾਰਦਾਤ ਸੋਸ਼ਲ ਮੀਡੀਆ ’ ਤੇ ਵਾਇਰਲ ਹੋਣ ਉਪਰੰਤ ਪੁਲਿਸ ਆਈ ਹਰਕਤ ’ ਚ ਅਗਲੀ ਖ਼ਬਰ ਕਹਾਣੀ ਕੈਟੇਗਰੀ
Ad Position 24