ਅਸਾਨੂੰ ਪਾਠ-ਕਰਮਾ ਵਿਚ ਪੜ੍ਹਾਇਆ ਜੋ ਗਿਆ |
ਪਈ ਨਾ ਲੋੜ ਕੁਝ ਉਸਦੀ ਸਿਖਾਇਆ ਜੋ ਗਿਆ |
ਜੋ ਬੈਠਾ ਮੱਲ ਕੇ ਅੰਦਰ ਜਲਾਇਆ ਨਾ ਕਦੇ,
ਉਹ ਕਾਗ਼ਜ਼ ਦਾ ਹੀ ਰਾਵਣ ਸੀ ਜਲਾਇਆ ਜੋ ਗਿਆ |
ਚੁਫ਼ੇਰੇ ਦੂਰ ਤਕ ਪਾਣੀ ਹੀ ਪਾਣੀ ਦਿਸ ਰਿਹਾ ਹੈ,
ਇਹ ਕਿਸਦਾ ਬਾਪ ਸੀ, ਭੁੱਖਾ ਤਿਹਾਇਆ ਜੋ ਗਿਆ |
ਇਹ ਲਿਖਦਾ ਕੌਣ ਹੈ ਤੇ ਆਖਦੈ ਇਤਿਹਾਸ ਇਸ ਨੂੰ ,
ਨਿਰ੍ਹਾ ਹੀ ਝੂਠ ਕਿਉਂ ਸਾਨੂੰ ਸੁਣਾਇਆ ਜੋ ਗਿਆ |
ਪਲਾਂ ਵਿਚ ਹੀ ਉਹ ਮੇਰੇ ਕਾਫ਼ਿਲੇ ਵਿਚ ਰਲ ਗਿਆ ਸੀ,
ਮੇਰੀ ਹੀ ਕਬਰ 'ਤੇ ਦੀਵਾ ਜਗਾਇਆ ਜੋ ਗਿਆ |
ਕਿਹਾ ਜੋ ਪੁਰਖਿਆਂ, ਨਾ ਸੱਚ ਆਇਆ ਸਾਹਮਣੇ ਉਹ,
ਨਿਰ੍ਹਾ ਹੀ ਝੂਠ ਸੀ 'ਗੁਲਸ਼ਨ' ਸੁਣਾਇਆ ਜੋ ਗਿਆ |
•
ਤਪਦੀ ਰੁੱਤੇ ਛਾਵਾਂ ਚੇਤੇ ਆਉਣਗੀਆਂ |
ਇਕਲਾਪੇ ਵਿਚ ਮਾਵਾਂ ਚੇਤੇ ਆਉਣਗੀਆਂ |
ਪਿਆਰ ਦੀ ਕਿਣਮਿਣ ਇਕ ਪਲ ਵੀ ਨਾ ਭੁੱਲੇਗੀ,
ਮਰਨੇ ਤੀਕ ਘਟਾਵਾਂ ਚੇਤੇ ਆਉਣਗੀਆਂ |
ਤੇਰੀ ਚੁੰਨੀ ਜਿਨ੍ਹਾਂ ਵਿਚ ਲਹਿਰਾਉਂਦੀ ਸੀ,
ਮੈਨੂੰ ਰੋਜ਼ ਹਵਾਵਾਂ ਚੇਤੇ ਆਉਣਗੀਆਂ |
ਮੇਲ ਜਦੋਂ ਹੋਵੇਗਾ ਅਪਣਾ, ਫੇਰ ਕਦੀ,
ਦਿਲ ਨੂੰ ਸਭ ਘਟਨਾਵਾਂ ਚੇਤੇ ਆਉਣਗੀਆਂ |
ਅੰਨ੍ਹੀਆਂ ਗਲੀਆਂ ਵਿੱਚੋਂ ਜਦ ਵੀ ਗੁਜ਼ਰਾਂਗਾ,
ਬਾਪੂ ਨਾਲ, ਦੁਆਵਾਂ ਚੇਤੇ ਆਉਣਗੀਆਂ |
ਬਚਪਨ ਦੇ ਵਿਚ ਜਿੱਥੇ ਜਿੱਥੇ ਘੁੰਮੇ ਸਾਂ,
ਪਿੰਡ ਦੀਆਂ ਉਹ ਥਾਵਾਂ ਚੇਤੇ ਆਉਣਗੀਆਂ |
ਤੂੰ ਜੋ ਉਸ ਨੂੰ ਕੋਲ ਬਿਠਾ ਕੇ ਪੜ੍ਹੀਆਂ ਸਨ,
'ਗੁਲਸ਼ਨ' ਨੂੰ ਕਵਿਤਾਵਾਂ ਚੇਤੇ ਆਉਣਗੀਆਂ |