![]()
ਜਨਗਣਨਾ ਵਾਲੇ ਆਏ। ਉਹ ਦੋ ਜਣੇ ਸਨ। ਇਕ ਪਗੜੀ ਵਾਲਾ ਤੇ ਦੂਸਰਾ ਪਗੜੀ ਤੋਂ ਬਿਨਾਂ। ਉਨ੍ਹਾਂ ਗਲੀ ਵਿਚ ਦਾਖਲ ਹੁੰਦਿਆਂ ਹੀ ਪਹਿਲੇ ਘਰ ਦਾ ਦਰਵਾਜ਼ਾ ਖੜਕਾਇਆ। ਇਕ ਨੰਬਰ ਵਾਲੇ ਬਾਹਰ ਨਿਕਲੇ ਤੇ ਉਨ੍ਹਾਂ ਗਲਾਂ ਵਿਚ ਲਟਕਾਏ ਆਈਡਿੰਟੀ ਕਾਰਡ ਦਿਖਾਏ, 'ਅਸੀਂ ਜਨਗਣਨਾ ਵਾਲੇ ਹਾਂ, ਘਰ-ਘਰ ਜਾ ਕੇ ਡਾਟਾ ਇਕੱਤਰ ਕਰਨਾ ਹੈ, ਸਾਡਾ ਸਾਥ ਦਿਓ। ਗਲੀ ਵਾਲਿਆਂ ਨੂੰ ਇਲਵਾ ਦਿਓ।'
ਇਕ ਨੰਬਰ ਵਾਲਾ ਕਿਤੇ ਜਾਣ ਲਈ ਤਿਆਰ ਸੀ, ਉਸ ਨੇ ਪਗੜੀ ਵੱਲ ਵੇਖਿਆ। ਉਹ ਜਾਣ ਦੀ ਬਜਾਏ ਜਨਗਣਨਾ ਵਾਲਿਆਂ ਨਾਲ ਤੁਰ ਪਿਆ। ਇਕ ਨੰਬਰ ਵਾਲਾ ਇਕ-ਇਕ ਕਰਕੇ ਘਰਾਂ ਦੀਆਂ ਘੰਟੀਆਂ ਦਬਦਾ ਰਿਹਾ। ਕਈ ਘਰਾਂ 'ਚੋਂ ਕੋਈ ਨਾ ਕੋਈ ਛੇਤੀ ਬਾਹਰ ਆ ਜਾਂਦਾ ਤੇ ਕਈ ਘਰਾਂ 'ਚੋਂ ਬੜੀ ਦੇਰ ਲੱਗ ਜਾਂਦੀ। ਉਹ ਅੱਗੋਂ ਤੁਰ ਜਾਂਦੇ। ਜਨਗਣਨਾ ਵਾਲਿਆਂ ਦੇ ਥੋੜ੍ਹੇ ਹੀ ਸਵਾਲ ਸਨ, ਜਿਨ੍ਹਾਂ ਦੇ ਉੱਤਰ ਪੁੱਛ ਕੇ ਉਹ ਮਕਾਨ ਨੰਬਰ ਲਿਖ ਕੇ ਅੱਗੇ ਤੁਰ ਜਾਂਦੇ। ਕੁਝ ਜਾਣਕਾਰੀਆਂ ਇਕ ਨੰਬਰ ਵਾਲਾ ਦੇਈ ਜਾਂਦਾ ਸੀ।
ਸਵਾਲ ਪਹਿਲਾ ਸੀ, 'ਘਰ ਦਾ ਮੁਖੀਆ'? 'ਘਰ ਦੇ ਕਮਰੇ', 'ਘਰ 'ਚ ਕਿੰਨੇ ਜੀਅ ਰਹਿੰਦੇ ਨੇ ਤੇ ਕੀ ਕਰਦੇ ਹਨ?' ਉਨ੍ਹਾਂ ਦਾ ਆਖਰੀ ਸਵਾਲ ਸੀ, 'ਕੈਟੇਗਰੀ?'
ਸਾਡੀ ਇਹ ਦੋ ਨੰਬਰ ਗਲੀ ਸਾਫ-ਸੁਥਰੀ ਕੁੱਲ ਬਣਾਈ ਘਰ। ਗਿਆਰਾਂ ਇਕ ਪਾਸੇ ਤੇ ਗਿਆਰਾਂ ਦੂਜੇ ਪਾਸੇ। ਘੰਟੀ ਵੱਜੀ ਤਾਂ ਮੈਂ ਬਾਹਰ ਨਿਕਲਿਆ, ਇਕ ਨੰਬਰ ਵਾਲੇ ਨੇ ਜਾਣੂ ਕਰਵਾਇਆ, 'ਜਨਗਣਨਾ ਵਾਲੇ', ਮੈਂ ਸਮਾਈਲ ਕੀਤਾ।
'ਘਰ ਦੇ ਮੁਖੀਏ ਦਾ ਨਾਂਅ?' ਪਹਿਲਾ ਸਵਾਲ
ਮੈਂ ਅਜੇ ਜਵਾਬ ਦੇਣਾ ਹੀ ਸੀ ਕਿ ਮੇਰਾ ਨਾਂਅ ਇਕ ਨੰਬਰ ਵਾਲੇ ਨੇ ਹੀ ਦੱਸ ਦਿੱਤਾ।
'ਕੀ ਕਰਦੇ ਹੋ?' ਅਗਲਾ ਸਵਾਲ ਸੀ।
'ਇਹ ਐਡਵੋਕੇਟ ਹਨ', ਇਕ ਨੰਬਰ ਵਾਲਾ ਫਿਰ ਪਹਿਲਾਂ ਹੀ ਬੋਲ ਗਿਆ।
ਇਨ੍ਹਾਂ ਨੂੰ ਬੋਲਣ ਦਿਓ ਜਨਗਣਨਾ ਵਾਲੇ ਨੇ ਅਗਲਾ ਸਵਾਲ ਕੀਤਾ, 'ਘਰ ਦੇ ਕਿੰਨੇ ਕਮਰੇ ਹਨ', ਉਸ ਨੇ ਘਰ ਵੱਲ ਨਜ਼ਰ ਮਾਰੀ।
ਮੈਂ ਵੀ ਘਰ ਵੱਲ ਨਜ਼ਰ ਮਾਰੀ, ਅੰਦਾਜ਼ਾ ਲਾ ਕੇ ਕਿਹਾ, 'ਚਾਰ ਕਮਰੇ ਥੱਲੇ ਤੇ ਤਿੰਨ ਉੱਪਰ ਹਨ।'
'ਘਰ ਵਿਚ ਰਹਿਣ ਵਾਲੇ ਕਿੰਨੇ ਹਨ ਤੇ ਕੀ ਕਰਦੇ ਹਨ', ਅਗਲਾ ਸਵਾਲ ਸੀ।
'ਇਕ ਨੰਬਰ ਵਾਲਾ ਫਿਰ ਬੋਲਿਆ, 'ਜੀ ਇਹ ਖੁਦ ਐਡਵੋਕੇਟ ਨੇ, ਲੜਕਾ ਡਾਕਟਰ ਹੈ, ਲੜਕੇ ਦੀ ਵਾਈਫ਼ ਹਾਊਸ ਵਾਈਫ਼ ਹੈ।'
ਆਖਰੀ ਕੱਵਾਲ, 'ਤੁਹਾਡੀ ਕੈਟੇਗਰੀ?'
'ਕੈਟੇਗਰੀ' ਰੀਜ਼ਰਵ-ਸ਼ਡਿਊਲਡ ਕਾਸਟ-ਆਦਿ ਧਰਮੀ...' ਮੈਂ ਆਪਣੀ ਕੈਟੇਗਰੀ ਲਿਖਾ ਦਿੱਤੀ।
ਇਕ ਨੰਬਰ ਵਾਲਾ ਤੇ ਜਨਗਣਨਾ ਵਾਲੇ ਮੇਰੇ ਮੂੰਹ ਵੱਲ ਵੇਖਣ ਲੱਗੇ। ਜਨ ਗਣਨਾ ਵਾਲੇ ਥੋੜ੍ਹਾ ਜਿਹਾ ਪਿੱਛੇ ਹੱਟ ਕੇ ਗੇਟ 'ਤੇ ਲੱਗੀ ਨੇਮ ਪਲੇਟ ਲੱਭਣ ਲੱਗੇ। ਉਸ ਨੇ ਪਿਛਲੇ ਘਰਾਂ ਦੇ ਬਾਹਰ ਲੱਗੀਆਂ ਨੇਮ ਪਲੇਟਾਂ ਵੱਲ ਫਿਰ ਨਜ਼ਰ ਮਾਰੀ। ਘਰਾਂ ਦੇ ਬਾਹਰ ਆਮ ਸ਼ਰਮਾ, ਵਰਮਾ, ਗੁਪਤਾ, ਗਰਗ, ਸਿੰਗਲਾ, ਸਿੱਧੂ, ਸੰਧੂ, ਗਿੱਲ ਆਦਿ ਨਾਵਾਂ ਦੀਆਂ ਨੇਮ ਪਲੇਟਾਂ ਲੱਗੀਆਂ ਹੋਈਆਂ ਸਨ, ਉਥੇ ਉਨ੍ਹਾਂ ਕੈਟੇਗਰੀ ਨਹੀਂ ਸੀ ਪੁੱਛੀ। ਮੇਰੀ ਕੈਟੇਗਰੀ ਪੁੱਛ ਕੇ ਉਹ ਸਾਹਮਣੇ ਵਾਲੇ ਘਰ ਚਲੇ ਗਏ। ਸਾਹਮਣੇ ਵਾਲਾ ਰਿਟਾਇਰਡ ਕਮਾਂਡਰ ਹੈ। ਵੱਡਾ ਘਰ ਹੈ ਪੰਜ ਕਮਰੇ ਹੇਠਾਂ ਚਾਰ ਉੱਪਰ। ਲੜਕਾ ਇਕ ਆਸਟ੍ਰੇਲੀਆ, ਇਕ ਅਮਰੀਕਾ। ਨੱਬੇ ਸਾਲ ਦੇ ਉਨ੍ਹਾਂ ਦੇ ਪਿਤਾ ਜੀ ਘਰ ਸਨ। ਜਨਗਣਨਾ ਵਾਲੇ ਨੇ ਪਿਤਾ ਜੀ ਨੂੰ ਪੁੱਛਿਆ, 'ਪਿਤਾ ਜੀ ਤੁਹਾਡੀ ਕੈਟੇਗਰੀ ਕੀ ਹੈ?'
'ਇਹ ਕੈਟੇਗਰੀ ਕੀ ਬਲਾਅ ਹੁੰਦੀ ਹੈ, ਮੈਨੂੰ ਨਹੀਂ ਪਤਾ, ਕੈਟੇਗਰੀ ਇਹ ਮੇਰੇ ਪੁੱਤ ਨੂੰ ਪਤਾ ਹੋਊ, ਸ਼ਾਮ ਨੂੰ ਮੁੜਨਾ ਉਹਨੇ... 'ਉਦੋਂ ਪੁੱਛ ਲਿਓ।'
ਜਨ ਗਣਨਾ ਵਾਲੇ ਗੇਟ ਤੋਂ ਬਾਹਰ ਆ ਗਏ। ਜਨਗਣਨਾ ਵਾਲੇ ਨੇ ਮੇਰੇ ਕੰਨ ਵਿਚ ਨੇੜੇ ਹੋ ਕੇ ਕਿਹਾ, 'ਤੁਹਾਨੂੰ ਪਤਾ ਇਨ੍ਹਾਂ ਦੀ ਕੈਟੇਗਰੀ ਤੁਹਾਡੇ ਸਾਹਮਣੇ ਵਾਲਿਆਂ ਦੀ।'
'ਹਾਂ ਪਤਾ, ਇਨ੍ਹਾਂ ਦੀ ਕੈਟੇਗਰੀ ਵੀ ਮੇਰੇ ਵਾਲੀ ਹੈ', ਮੈਂ ਵਿਸ਼ਵਾਸ ਨਾਲ ਕਿਹਾ।
'ਰੀਅਲੀ' ਉਹ ਵੱਡਾ ਮਕਾਨ ਦੇਖ ਕੇ ਹੈਰਾਨ ਹੋਇਆ।
'ਅੱਛਾ ਜੀ ਥੈਂਕਯੂ ਫਾਰ ਕੋਅ-ਪਰੇਸ਼ਨ' ਇਕ ਨੰਬਰ ਵਾਲੇ ਨੇ ਜਿਥੇ ਜਾਣਾ ਸੀ, ਚਲਾ ਗਿਆ। ਜਨਗਣਨਾ ਵਾਲੇ ਨੇ ਨਾਲ ਦੇ ਜੂਨੀਅਰ ਨੂੰ ਕਿਹਾ ਸਾਹਮਣੇ ਵਾਲੇ ਦੀ ਕੈਟੇਗਰੀ ਲਿਖ ਲਈ ਇਨ੍ਹਾਂ ਵਾਲੀ, ਉਹਨੇ ਹਾਂ ਵਿਚ ਸਿਰ ਹਿਲਾਇਆ।
ਜਨ-ਗਣਨਾ ਵਾਲਾ ਫਿਰ ਮੇਰੇ ਨੇੜੇ ਹੋਇਆ, ਉਸ ਪੁੱਛਿਆ, ਅੱਛਾ ਇਹ ਦੱਸੋ ਤੁਹਾਡੀ ਇਸ ਗਲੀ ਵਿਚ 'ਆਪਣੀ ਕੈਟੇਗਰੀ' ਦੇ ਹੋਰ ਕਿਹੜੇ-ਕਿਹੜੇ ਘਰ ਨੇ...।'
ਜਨ-ਗਣਨਾ ਵਾਲੇ ਦਾ 'ਆਪਣੀ ਕੈਟੇਗਰੀ' ਕਹਿਣਾ ਬੜਾ ਅਪਣੱਤ ਭਰਿਆ ਲੱਗਿਆ। ਸਾਡੀ ਗਲੀ ਵਿਚ ਸ਼ੁਰੂ ਵਿਚ ਹੀ ਤਿੰਨ-ਚਾਰ ਘਰ ਨੇ ਉਹ ਰਿਜ਼ਰਵ ਕੈਟੇਗਰੀ ਦੇ ਹਨ, ਇਹ ਨੰਬਰ ਹਨ, ਉਨ੍ਹਾਂ ਦੇ, ਜਨਗਣਨਾ ਵਾਲੇ ਨੇ ਉਨ੍ਹਾਂ ਦੇ ਫਾਰਮ ਕੱਢ ਕੇ ਦੇਖੇ। ਉਨ੍ਹਾਂ ਨੇ ਆਪਣੀ ਕੈਟੇਗਰੀ 'ਜਨਰਲ' ਲਿਖਵਾਈ ਸੀ। ਉਨ੍ਹਾਂ ਦੇ ਘਰਾਂ ਬਾਹਰ 'ਸੰਧੂ ਨਿਵਾਸ', 'ਸਿੱਧੂ ਨਿਵਾਸ' ਤੇ 'ਸਹੋਤਾ ਹਾਊਸ' ਲਿਖਿਆ ਹੋਇਆ ਸੀ। ਹੋ ਸਕਦਾ ਜਨ-ਗਣਨਾ ਵਾਲਿਆਂ ਨੇ ਕੈਟੇਗਰੀ ਪੁੱਛੀ ਹੀ ਨਾ ਹੋਵੇ, ਆਪ ਹੀ ਜਨਰਲ ਕਰ ਦਿੱਤੀ ਹੋਵੇ।
ਹੁਣ, ਦੁਬਾਰਾ ਜਾਂਦੇ ਚੰਗੇ ਨਹੀਂ ਲਗਦੇ। ਪਰ ਜੇਕਰ ਉਨ੍ਹਾਂ ਨੇ ਆਪਣੀ ਕੈਟੇਗਰੀ ਛੁਪਾਈ ਹੈ ਤਾਂ ਗ਼ਲਤ ਜਾਣਕਾਰੀ ਦੇਣੀ ਇਕ ਅਫੈਂਸ ਹੈ।' ਜਨ ਗਣਨਾ ਵਾਲੇ ਨੇ ਪੇਪਰ ਸੰਭਾਲੇ ਤੇ ਉਠ ਪਿਆ।
'ਠੀਕ ਹੈ, ਕੋਈ ਨਹੀਂ, ਮੇਰੇ ਪਾਸ ਉਨ੍ਹਾਂ ਦੇ ਫੋਨ ਨੰਬਰ ਹਨ, ਸ਼ਾਮ ਨੂੰ ਫੋਨ ਕਰਕੇ ਕਹਾਂਗਾ ਕੈਟੇਗਰੀ ਹੈ ਕੀ?' ਗ਼ਲਤ ਜਾਣਕਾਰੀ ਦੇਣ 'ਤੇ ਕਾਰਵਾਈ ਹੋ ਸਕਦੀ ਹੈ।' ਉਸ ਨੇ ਹੋਰ ਕਿਹਾ, 'ਬੜੇ ਕੇਸ ਨੇ ਏਦਾਂ ਦੇ ਲੋਕ ਸੱਚ ਬੋਲਣ ਤੋਂ ਵੀ ਡਰਦੇ ਹਨ।'
-232, ਨਿਊ ਕੋਰਟਜ਼, ਜਲੰਧਰ।