ਮਲੋਟ, 28 ਜਨਵਰੀ (ਪਾਟਿਲ)-ਮਲੋਟ ਵਿਖੇ ਲੁਧਿਆਣਾ, ਫ਼ਿਰੋਜ਼ਪੁਰ ਤੇ ਫ਼ਰੀਦਕੋਟ ਜ਼ਿਲਿ੍ਹਆਂ ਦੇ ਵਲੰਟੀਅਰਾਂ ਲਈ ਯੁਵਾ ਆਪਦਾ ਮਿੱਤਰ ਪ੍ਰੋਗਰਾਮ ਅਧੀਨ ਸੱਤ ਦਿਨਾਂ ਦੀ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ | ਇਸ ਟ੍ਰੇਨਿੰਗ ਪ੍ਰੋਗਰਾਮ ਤਹਿਤ 19 ਪੰਜਾਬ ਬਟਾਲੀਅਨ ਐੱਨ.ਸੀ.ਸੀ. ਲੁਧਿਆਣਾ ਅਕੈਡਮੀ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਲੋਂ ਵਲੰਟੀਅਰਾਂ ਨੂੰ ਆਪਦਾ ਪ੍ਰਬੰਧਨ ਸੰਬੰਧੀ ਟ੍ਰੇਨਿੰਗ ਪ੍ਰਦਾਨ ਕਰਵਾਈ ਜਾ ਰਹੀ ਹੈ | ਟ੍ਰੇਨਿੰਗ ਦੇ ਪਹਿਲੇ ਦਿਨ ਕੁੱਲ 520 ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ | ਇਸ ਮੌਕੇ ਲੈਫ਼ਟੀਨੈਂਟ ਕਰਨਲ ਫੈਜ਼ਾਨ ਜਹੂਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਵਲੰਟੀਅਰਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਮੈਗਸੀਪਾ ਵਲੋਂ ਪਹੁੰਚੀ ਇੰਸਟਰਕਟਰ ਟੀਮ ਸਮੇਤ ਸਾਰੇ ਵਲੰਟੀਅਰਾਂ ਦਾ ਸਵਾਗਤ ਕੀਤਾ | ਲੈਫ਼ਟੀਨੈਂਟ ਕਰਨਲ ਫੈਜ਼ਾਨ ਜਹੂਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਇਸ ਸੱਤ ਦਿਨਾਂ ਦੇ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਵਲੰਟੀਅਰਾਂ ਨੂੰ ਵੱਖ-ਵੱਖ ਕਿਸਮ ਦੀਆਂ ਆਪਦਾਵਾਂ ਨਾਲ ਨਜਿੱਠਣ ਲਈ ਪ੍ਰਯੋਗਿਕ ਤੇ ਸਿਧਾਂਤਕ ਤਾਲੀਮ ਦਿੱਤੀ ਜਾਵੇਗੀ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਉਹ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ | ਇਸ ਮੌਕੇ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵਲੋਂ ਵਲੰਟੀਅਰਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਦੇ ਮੁੱਢਲੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਇਸ ਦੌਰਾਨ ਮੈਗਸੀਪਾ ਟੀਮ ਵਲੋਂ ਪ੍ਰੀਤੀ ਦੇਵੀ, ਸਨਮ, ਕਸ਼ਿਸ਼, ਸਚਿਨ, ਆਯੂਸ਼, ਮੁਸਕਾਨ, ਅੰਜ਼ਲੀ, ਯੋਗੇਸ਼ ਅਤੇ ਪ੍ਰੀਆਨਸ਼ੂ ਵੀ ਮੌਜੂਦ ਸਨ |