ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬੱਸ ਸਟੈਂਡ ਦੀ ਅੱਗੇ ਮਲੋਟ ਰੋਡ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਰਕੇ ਜਾਮ ਲੱਗ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ | ਇਸ ਸੰਬੰਧੀ ਸੇਵਾ ਮੁਕਤ ਅਧਿਆਪਕ ਹਰਬੰਸ ਸਿੰਘ ਭੰਗਚੜ੍ਹੀ ਨੇ ਦੱਸਿਆ ਕਿ ਸਵੇਰ ਮੌਕੇ ਜਦੋਂ ਬੱਚਿਆਂ ਦੇ ਸਕੂਲ ਲੱਗਣ ਦਾ ਟਾਈਮ ਹੁੰਦਾ ਹੈ, ਉਸ ਸਮੇਂ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਹੈ | ਰਾਹਗੀਰਾਂ ਨੇ ਦੱਸਿਆ ਕਿ ਸੜਕ ਦੀ ਜਗ੍ਹਾ ਵਿਚ ਹੀ ਫ਼ਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ, ਫ਼ੜ੍ਹੀਆਂ ਤੋਂ ਇਲਾਵਾ ਸੜਕ ਦੇ ਵਿਚਕਾਰ ਹੀ ਸਬਜ਼ੀਆਂ ਤੇ ਫ਼ਲਾਂ ਦੇ ਰੇਹੜੇ ਖੜ੍ਹੇ ਰਹਿੰਦੇ ਹਨ | ਦੁਕਾਨਾਂ ਦੇ ਮੂਹਰੇ ਰੇਹੜੀਆਂ ਲੱਗੀਆਂ ਹੋਈਆਂ ਹਨ | ਜਦੋਂ ਬੱਸ ਸਾਡੇ ਵਿਚੋਂ ਬੱਸਾਂ ਬਾਹਰ ਨਿਕਲਦੀਆਂ ਹਨ ਤਾਂ ਉਹ ਵੀ ਸਵਾਰੀਆਂ ਦੀ ਉਡੀਕ ਕਰਦੇ ਹਨ ਅਤੇ ਉਸ ਸਮੇਂ ਜਾਮ ਦੀ ਪੁਜ਼ੀਸ਼ਨ ਹੋਰ ਮਾੜੀ ਹੋ ਜਾਂਦੀ ਹੈ | ਇੱਥੇ ਸਬਜ਼ੀਆਂ ਦੀਆਂ ਲੱਗੀਆਂ ਵੱਡੀਆਂ ਦੁਕਾਨਾਂ ਅੱਗੇ ਵੀ ਕਾਰਾਂ ਤੇ ਹੋਰ ਵਹੀਕਲ ਖੜ੍ਹਨ ਕਰਕੇ ਜਾਮ ਲੱਗਾ ਰਹਿੰਦਾ ਹੈ | ਜਦੋਂ ਇਸ ਸੰਬੰਧੀ ਇਕ ਸੇਵਾ ਮੁਕਤ ਸਰਕਾਰੀ ਕਰਮਚਾਰੀ ਨੇ ਸਬਜ਼ੀ ਵਿਕਰੇਤਾ ਨੂੰ ਅੱਗੇ ਰੇਹੜੀਆਂ ਖੜ੍ਹਨ ਅਤੇ ਸੜਕ 'ਤੇ ਰਹਿੰਦ-ਖੂੰਹਦ ਸੁੱਟਣ ਤੋਂ ਰੋਕਿਆ, ਤਾਂ ਉਹ ਪ੍ਰਵਾਸੀ ਸਬਜ਼ੀ ਵੇਚਣ ਵਾਲਾ ਉਸ ਕਰਮਚਾਰੀ ਦੇ ਗਲ ਹੀ ਪਿਆ ਅਤੇ ਬੁਰਾ ਭਲਾ ਕਿਹਾ | ਲੋਕਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ 'ਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਆਵਾਜਾਈ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ |