12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪੰਜਾਬ 'ਚ ਹੁਣ ਤੱਕ ਕਰੀਬ 1 ਲੱਖ 25 ਹਜ਼ਾਰ ਏਕੜ ਕਣਕ ਨੁਕਸਾਨੀ ਗਈ-ਖੁੱਡੀਆਂ

Ad Position 21
No active advertisement
ਅਜੀਤ ਡੈਸਕ 10-04-2026
ਮਲੋਟ, 9 ਅਪ੍ਰੈਲ (ਅਜਮੇਰ ਸਿੰਘ ਬਰਾੜ)-ਪੰਜਾਬ ਵਿਚ ਪਿਛਲੇ ਦਿਨਾਂ ਤੋਂ ਬੇਮੌਸਮੀ ਬਾਰਿਸ਼, ਗੜੇ੍ਹਮਾਰੀ, ਤੇਜ਼ ਹਨੇਰੀਆਂ ਕਰਕੇ ਹੁਣ ਤੱਕ 1 ਲੱਖ 25 ਹਜ਼ਾਰ ਏਕੜ ਦੇ ਕਰੀਬ ਕਣਕ ਨੁਕਸਾਨੀ ਜਾ ਚੁੱਕੀ ਹੈ ਤੇ ਅਜੇ ਵੀ ਮੌਸਮ ਖ਼ਰਾਬ ਚੱਲ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਗੱਲ 'ਤੇ ਚਿੰਤਾ ਵੀ ਪ੍ਰਗਟਾਈ ਕਿ ਜਦ ਹੁਣ ਕਣਕ ਬਿਲਕੁਲ ਵੱਢ ਕੇ ਘਰਾਂ ਜਾਂ ਮੰਡੀਆਂ ਵਿਚ ਚਲੀ ਜਾਣੀ ਸੀ, ਤਾਂ ਐਨ ਮੌਕੇ 'ਤੇ ਗੜ੍ਹੇਮਾਰੀ ਨੇ ਕਿਸਾਨਾਂ ਦੇ ਹੱਥਾਂ ਵਿਚੋਂ ਹੀ ਕਣਕ ਨੂੰ ਖੋਹ ਲਿਆ | ਉਨ੍ਹਾਂ ਕਿਹਾ ਕਿ ਬੇਸ਼ੱਕ ਅਜੇ ਤੱਕ ਵੀ ਮੌਸਮ ਸਾਫ਼ ਨਹੀਂ ਹੋਇਆ ਅਤੇ ਕੁਦਰਤ ਦੀ ਕਰੋਪੀ ਕਿਸਾਨਾਂ ਦੇ ਸਿਰ 'ਤੇ ਖੜ੍ਹੀ ਹੈ, ਪਰ ਜਿਨ੍ਹਾਂ ਨੁਕਸਾਨ ਇਸ ਤੋਂ ਪਹਿਲਾਂ ਹੋ ਚੁੱਕਿਆ ਹੈ, ਉਸ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 43 ਹਜ਼ਾਰ ਏਕੜ ਕਣਕ ਦਾ ਨੁਕਸਾਨ ਹੋਇਆ ਹੈ, ਜਦਕਿ ਫ਼ਾਜ਼ਿਲਕਾ ਜ਼ਿਲ੍ਹੇ ਵਿਚ 45 ਹਜ਼ਾਰ ਏਕੜ ਕਣਕ, ਬਠਿੰਡਾ ਵਿਚ 20 ਹਜ਼ਾਰ ਏਕੜ ਦੇ ਕਰੀਬ ਅਤੇ ਇਸੇ ਤਰ੍ਹਾਂ ਸੰਗਰੂਰ ਵਿਖੇ 25 ਹਜ਼ਾਰ ਏਕੜ ਕਣਕ ਦੇ ਨੁਕਸਾਨੇ ਜਾਣ ਦੇ ਅੰਦਾਜੇ ਹਨ | ਖੇਤੀਬਾੜੀ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਿੱਥੇ ਸੌ ਫ਼ੀਸਦੀ ਤੱਕ ਨੁਕਸਾਨ ਹੋ ਗਿਆ ਹੈ, ਉੱਥੇ ਪੂਰਾ ਤੇ ਹੋਰ ਹੋਏ ਨੁਕਸਾਨ ਦਾ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ, ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਸਰਕਾਰ ਪ੍ਰਤੀ ਏਕੜ ਤੱਕ ਕਿੰਨੀ ਰਕਮ ਮੁਆਵਜ਼ਾ ਦੇਵੇਗੀ | ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਵਿਰੋਧੀਆਂ ਨੇ ਤਾਂ ਉਨ੍ਹਾਂ ਦੇ ਸਮੇਂ ਵਿਚ ਹੋਏ ਨੁਕਸਾਨਾਂ ਦਾ 8-8 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਵੀ ਮੁਆਵਜ਼ਾ ਨਹੀਂ ਦਿੱਤਾ ਸੀ, ਪਰ ਸਾਡੇ ਵਲੋਂ ਕਣਕ ਦੇ ਮੁਆਵਜ਼ੇ ਲਈ ਗਿਰਦਾਵਰੀ ਚੱਲ ਰਹੀ ਹੈ ਅਤੇ ਲਗਪਗ 20 ਕੁ ਦਿਨਾਂ ਵਿਚ ਗਿਰਦਾਵਰੀ ਖ਼ਤਮ ਹੁੰਦਿਆਂ ਹੀ ਕਣਕ ਦਾ ਮੁਆਵਜ਼ਾ ਦੇ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਬਾਰਿਸ਼ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਪਿੰਡਾਂ ਵਿਚ ਕਿਸਾਨਾਂ ਨਾਲ ਜੁੜੇ ਹੋਏ ਹਨ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ | ਅੱਜ ਵੀ ਉਹ ਪਿੰਡ ਮਲੋਟ ਵਿਖੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਜਾਣਕਾਰੀ ਵੀ ਦਿੱਤੀ ਅਤੇ ਚਿੰਤਾ ਵੀ ਪ੍ਰਗਟ ਕਰਦਿਆਂ ਅਰਦਾਸ ਵੀ ਕੀਤੀ ਕਿ ਵਾਹਿਗੁਰੂ ਕਿਸਾਨਾਂ 'ਤੇ ਮਿਹਰ ਕਰੇ | ਇਸ ਮੌਕੇ ਚੇਅਰਮੈਨ ਗੁਰਬਾਜ ਸਿੰਘ ਵਣਵਾਲਾ, ਸੁੱਖਾ ਗੁਰੂਸਰ ਤੇ ਹੋਰ ਆਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਅੱਗੇ ਨਾਜਾਇਜ਼ ਕਬਜ਼ਿਆਂ ਕਾਰਨ ਲੱਗਦਾ ਹੈ ਜਾਮ ਅਗਲੀ ਖ਼ਬਰ ਰਾਜਨੀਤਿਕ ਆਗੂਆਂ ਨੂੰ ਭੱਦੀ ਸ਼ਬਦਾਵਲੀ ਤੋਂ ਗੁਰੇਜ਼ ਕਰਨਾ ਚਾਹੀਦਾ-ਗੁਰਦਾਸ ਗਿਰਧਰ
Ad Position 24